ਰਿਮਾਂਡ ਦੌਰਾਨ ਕੀਤੇ ਕਈ ਖੁਲਾਸੇ, ਗੈਂਗਸਟਰ ਰੋਮੀ ਨਾਲ ਰੰਜਿਸ਼ ਦੇ ਚਲਦੇ ਰੱਖੇ ਹਥਿਆਰ
ਮੁਲਜ਼ਮਾਂ ਖ਼ਿਲਾਫ਼ ਕਈ ਕੇਸ ਦਰਜ ਹਨ
ਗੁਰਦਾਸਪੁਰ, 6 ਜਨਵਰੀ 2024 (ਦੀ ਪੰਜਾਬ ਵਾਇਰ)। ਗੈਂਗਸਟਰਾਂ ਖਿਲਾਫ਼ ਛੇੜੀ ਮੁਹਿਮ ਦੇ ਤਹਿਤ ਅਤੇ ਗੁਰਦਾਸਪੁਰ ਦੇ ਐਸਐਸਪੀ ਹਰੀਸ਼ ਦਾਯਮਾ ਦੇ ਨਿਰਦੇਸ਼ਾ ਤਲੇ ਸੀਆਈਏ ਸਟਾਫ ਗੁਰਦਾਸਪੁਰ ਨੇ ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਉਕਤ ਦੋਸ਼ੀਆਂ ਕੋਲੋ ਹੁਣ ਤੱਕ ਕੁੱਲ 10 ਗ੍ਰਾਮ ਹੈਰੋਇਨ, ਪੰਜ ਵੱਖ ਵੱਖ ਹਥਿਆਰ, 3 ਮੈਗਜ਼ੀਨ ਅਤੇ 24 ਕਾਰਤੂਸ, ਇਕ ਕੰਪਿਊਟਰ ਕੰਡਾ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਸਬੰਧੀ ਇੱਕ ਦੁਕਾਨਦਾਰ ਨੂੰ ਵੀ ਨਾਮਜਦ ਕੀਤਾ ਗਿਆ ਹੈ। ਪੁਛਗਿਛ ਵਿੱਚ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਰੋਮੀ ਗੈਂਗਸਟਰ ਨਾਲ ਰੰਜਿਸ਼ ਹੈ ਜਿਸ ਦੇ ਚਲਦੇ ਉਨ੍ਹਾਂ ਹਥਿਆਰ ਰੱਖੇ।
ਸੀਆਈਏ ਸਟਾਫ਼ ਦੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਮੁਲਜ਼ਮ ਸ਼ਹਿਰ ਵਿੱਚ ਨਸ਼ਾ ਵੇਚਣ ਲਈ ਘੁੰਮ ਰਹੇ ਹਨ। ਸੂਚਨਾ ਦੇ ਆਧਾਰ ‘ਤੇ ਥਾਣਾ ਸਿਟੀ ਦੀ ਪੁਲਿਸ ਦੀ ਮਦਦ ਨਾਲ ਮੁਲਜ਼ਮ ਰਾਹੁਲ ਕੁਮਾਰ ਉਰਫ਼ ਕੱਟਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਬਾਬਾ ਬਾਲਕ ਨਾਥ ਕਲੌਨੀ ਜ਼ਿਲ੍ਹਾ ਗੁਰਦਾਸਪੁਰ ਅਤੇ ਸੋਨੂੰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਨਾਥ ਚਾਟ ਵਾਲੀ ਗਲੀ ਗੁਰਦਾਸਪੁਰ ਨੂੰ ਸੱਕ ਦੇ ਆਧਾਰ ਤੇ ਗਿ੍ਫ਼ਤਾਰ ਕੀਤਾ ਗਿਆ । ਇਹ ਦੋਵੇਂ ਮੋਟਰਸਾਈਕਲ ਪਲਸਰ ’ਤੇ ਸਵਾਰ ਸਨ।
ਤਲਾਸ਼ੀ ਦੌਰਾਨ ਦੋਸ਼ੀ ਸੋਨੂੰ ਕੁਮਾਰ ਦੀ ਜੇਬ ‘ਚੋਂ ਪਲਾਸਟਿਕ ਦੇ ਲਿਫਾਫੇ ‘ਚ 10 ਗ੍ਰਾਮ ਹੈਰੋਇਨ, ਇੱਕ 32 ਬੋਰ ਦੀ ਪਿਸਤੋਲ ਸਮੇਤ ਮੈਗਜ਼ੀਨ ਅਤੇ 8 ਕਾਰਤੂਸ ਬਰਾਮਦ ਹੋਏ ਹਨ। ਇਸੇ ਤਰ੍ਹਾਂ ਮੁਲਜ਼ਮ ਰਾਹੁਲ ਕੁਮਾਰ ਉਰਫ਼ ਕੱਟਾ ਕੋਲੋਂ ਇੱਕ ਕੰਪਿਊਟਰ ਕੰਡਾ , ਤਿੰਨ ਹਜ਼ਾਰ ਰੁਪਏ ਦੀ ਡਰੱਗ ਮਨੀ, ਇੱਕ ਸਿੰਗਲ ਬੈਰਲ ਰਾਈਫ਼ਲ ਅਤੇ 1 ਕਾਰਤੂਸ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਦਾ ਇੱਕ ਦਿਨ ਦਾ ਰਿਮਾਂਡ ਹਾਸਿਲ ਕਰ ਸਖਤੀ ਨਾਲ ਪੁਛਗਿਛ ਕੀਤੀ ਗਈ । ਜਿਸ ਤੇ ਉਨ੍ਹਾਂ ਵੱਲੋਂ ਦਿਤੀ ਗਈ ਸੂਚਨਾ ਤੇ ਇੱਕ ਦੇਸੀ ਕੱਟਾ , 11 ਰੋਂਦ, ਇੱਕ ਪਿਸਤੌਲ, 2 ਮੈਗਜੀਨ , ਇਕ ਰਿਵਾਲਵਰ ਅਤੇ 7 ਰੋਂਦ ਬਰਾਮਦ ਕੀਤੇ ਗਏ। ਇਸ ਦੇ ਨਾਲ ਹੀ ਗੁਰਦਾਸਪੁਰ ਦੇ ਇੱਕ ਦੁਕਾਨਦਾਰ ਅਸ਼ਵਨੀ ਕੁਮਾਰ ਨੂੰ ਵੀ ਦੁਕਾਨ ਵਿੱਚ ਹਥਿਆਰ ਰੱਖਣ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ
ਕੌਸ਼ਲ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਮਲੇ ਦਰਜ ਹਨ। ਮੁਲਜ਼ਮ ਰਾਹੁਲ ਕੁਮਾਰ ਉਰਫ਼ ਕੱਟਾ ਖ਼ਿਲਾਫ਼ ਐਨਡੀਪੀਸੀ ਐਕਟ, ਆਰਮਜ਼ ਐਕਟ ਅਤੇ ਇਰਾਦਾ ਕਤਲ ਦੇ 9 ਕੇਸ ਦਰਜ ਹਨ ਅਤੇ ਉਹ ਜ਼ਮਾਨਤ ’ਤੇ ਰਿਹਾਅ ਸੀ। ਜਦਕਿ ਸੋਨੂੰ ਖਿਲਾਫ ਵੀ ਚਾਰ ਕੇਸ ਦਰਜ ਹਨ। ਫੜੇ ਗਏ ਮੁਲਜ਼ਮ ਸੋਨੂੰ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਉਸ ਦੀ ਇੱਕ ਗੈਂਗਸਟਰ ਰੋਮੀ ਨਾਲ ਪੁਰਾਣੀ ਰੰਜਿਸ਼ ਹੈ। ਜਿਨ੍ਹਾਂ ਨੂੰ ਡਰ ਸੀ ਕਿ ਗੈਂਗਸਟਰ ਉਨ੍ਹਾਂ ‘ਤੇ ਹਮਲਾ ਕਰ ਸਕਦਾ ਹੈ। ਇਸ ਦਾ ਜਵਾਬ ਦੇਣ ਲਈ ਉਸਨੇ ਇੱਕ ਹਥਿਆਰ ਵੀ ਖਰੀਦਿਆ ਸੀ। ਮੁਲਜ਼ਮ ਸੋਨੂੰ ਬਿਹਾਰ ਤੋਂ ਨਾਜਾਇਜ਼ ਹਥਿਆਰ ਲਿਆ ਕੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਵੇਚਦਾ ਸੀ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦਾ ਇੱਕ ਦਿਨ ਦਾ ਰਿਮਾਂਡ ਖ਼ਤਮ ਹੋ ਗਿਆ ਹੈ। ਜਿਨ੍ਹਾਂ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਕਿਉਂਕਿ ਪੁੱਛਗਿੱਛ ਦੌਰਾਨ ਇਨ੍ਹਾਂ ਪਾਸੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।