ਚੰਡੀਗੜ੍ਹ, 6 ਜਨਵਰੀ 2024 (ਦੀ ਪੰਜਾਬ ਵਾਇਰ)। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜਲੰਧਰ ਫੇਰੀ ਦੌਰਾਨ ਗ੍ਰਿਫ਼ਤਾਰੀ ਸਬੰਧੀ ਦਿੱਤੇ ਬਿਆਨ ਤੋਂ ਬਾਦ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਖੜ੍ਹ ਨੂੰ ਖਰੀਆਂ ਖਰੀਆਂ ਸੁਣਾਇਆਂ ਹਨ। ਸੁਖਜਿੰਦਰ ਰੰਧਾਵਾ ਨੇ ਸੁਨੀਲ ਜਾਖੜ ਨੂੰ ਖਹਿਰਾ ਦੀ ਚਿੰਤਾ ਛੱਡ ਕੇ ਭਾਜਪਾ ਦੀ ਚਿੰਤਾ ਕਰਨ ਦੀ ਸਲਾਹ ਦਿੱਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਜਾਖੜ੍ਹ ਨੂੰ ਕਾਂਗਰਸ ਪਾਰਟੀ ਦੀ ਪਿੱਠ ਵਿੱਛ ਛੁੱਰਾ ਮਾਰਨ ਵਾਲਾ ਦੱਸਿਆ।
ਸੁਖਜਿੰਦਰ ਰੰਧਾਵਾ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤਾ ਹੈ ਜਾਖੜ ਸਾਹਿਬ ਜਾਖੜ ਸਾਹਬ, ਗਿਆਨ ਘੋਟਣਾ ਬੰਦ ਕਰੋ। ਆਪਣੇ ਪੁਰਖਿਆਂ ਦੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਇਨਸਾਨ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਤੁਸੀਂ ਹੀ ਸੀ ਜਿਹਨਾਂ ਨੇ ਕਾਂਗਰਸ ਵਿੱਚ ਧੜੇਬੰਦੀ ਸ਼ੁਰੂ ਕਰਕੇ ਲੋਕਾਂ ਵਿੱਚ ਕਾਂਗਰਸ ਦਾ ਨਾਮ ਡੋਬਿਆ ਸੀ। ਤੁਸੀਂ ਖਹਿਰਾ ਸਾਹਿਬ ਦੀ ਚਿੰਤਾ ਛੱਡ ਕੇ ਆਪਣੇ ਕੰਮ ਵੱਲ ਧਿਆਨ ਦਿਓ। ਕਾਂਗਰਸ ਦੇ ਹਰ ਛੋਟੇ ਵਰਕਰ ਤੋਂ ਲੈ ਕੇ ਸੂਬਾ ਅਤੇ ਕੇਂਦਰ ਦੀ ਕਾਂਗਰਸ ਖਹਿਰਾ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਅਸੀਂ ਮਿਲ ਕੇ ਲੜਾਂਗੇ ਅਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਖਹਿਰਾ ਸਾਹਿਬ ਜਲਦੀ ਹੀ ਲੋਕਾਂ ਦੇ ਸਾਹਮਣੇ ਆਉਣਗੇ।
ਹਾਲ ਹੀ ‘ਚ ਭਾਜਪਾ ਦੇ ਸੂਬਾ ਪ੍ਰਧਾਨ ਜਾਖੜ ਨੇ ਇਕ ਨਵੇਂ ਮਾਮਲੇ ‘ਚ ਵਿਧਾਇਕ ਸੁਖਪਾਲ ਖਹਿਰਾ ਨੂੰ ਮੁੜ ਜੇਲ ‘ਚ ਸੁੱਟਣ ਦੇ ਮਾਮਲੇ ‘ਤੇ ਕਾਂਗਰਸ ਨੂੰ ਘੇਰਿਆ ਸੀ। ਜਾਖੜ ਨੇ ਦੋਸ਼ ਲਾਇਆ ਸੀ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਲੀਡਰਸ਼ਿਪ ਨੇ ਸੁਖਪਾਲ ਖਹਿਰਾ ਦੀ ਬਲੀ ਦਿੱਤੀ ਹੈ। ਸੁਨੀਲ ਜਾਖੜ ਨੇ ਖਹਿਰਾ ਖਿਲਾਫ ਦਰਜ ਨਵੇਂ ਕੇਸ ਨੂੰ ਵੀ ਬੋਗਸ ਕਰਾਰ ਦਿੱਤਾ। ਸੁਖਪਾਲ ਖਹਿਰਾ ਪੰਜਾਬ ਸਰਕਾਰ ਖਿਲਾਫ ਖੁੱਲ੍ਹ ਕੇ ਬੋਲਦੇ ਸਨ ਅਤੇ ਕਾਂਗਰਸ ‘ਆਪ’ ਨਾਲ ਗਠਜੋੜ ਕਰਨਾ ਚਾਹੁੰਦੀ ਸੀ। ਅਜਿਹੇ ‘ਚ ਖਹਿਰਾ ਨੂੰ ਚੁੱਪ ਕਰਵਾਉਣਾ ਜ਼ਰੂਰੀ ਸੀ।
ਇਸ ਦੌਰਾਨ ਜਾਖੜ ਨੇ ਸਵਾਲ ਉਠਾਇਆ ਕਿ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਚੁੱਪ ਕਿਉਂ ਹੈ? ਖਹਿਰਾ ਦੀ ਮੁੜ ਗ੍ਰਿਫਤਾਰੀ ਦਾ ਵਿਰੋਧ ਕਿਉਂ ਨਹੀਂ ਕੀਤਾ ਜਾ ਰਿਹਾ? ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੀਆਂ ਮੁਲਾਕਾਤਾਂ ਦੀਆਂ ਵੀਡੀਓ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ, ਜੇਲ੍ਹ ਵਿੱਚੋਂ ਉਨ੍ਹਾਂ ਦੀਆਂ ਪਾਰਟੀਆਂ ਦੀਆਂ ਵੀਡਿਓ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ। ਫਿਰ ਸਰਕਾਰ ਖਿਲਾਫ ਉੱਚੀ ਆਵਾਜ਼ ‘ਚ ਬੋਲਣ ਵਾਲੇ ਸੁਖਪਾਲ ਖਹਿਰਾ ਦੀਆਂ ਗੱਲਾਂ ਸਾਹਮਣੇ ਕਿਉਂ ਨਹੀਂ ਆ ਰਹੀਆਂ? ਭਾਵ ਸਰਕਾਰ ਜੋ ਚਾਹੇ, ਉਹੀ ਜੇਲ੍ਹ ਵਿੱਚੋਂ ਬਾਹਰ ਆਵੇ।