5 ਅਤੇ 6 ਜਨਵਰੀ ਨੂੰ ਲੱਗਣ ਵਾਲੇ ਮੈਡੀਕਲ ਕੈਂਪਾਂ ਦਾ ਵੇਰਵਾ ਜਾਰੀ ਕੀਤਾ
ਗੁਰਦਾਸਪੁਰ, 4 ਜਨਵਰੀ 2023 ( ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਹੱਦੀ ਖੇਤਰ ਦੇ ਲੋਕਾਂ ਦੀ ਸਹੂਲਤ ਅਤੇ ਸਰਬਪੱਖੀ ਵਿਕਾਸ ਲਈ ਚਲਾਏ ਜਾ ਰਹੇ ‘ਮਿਸ਼ਨ ਅਬਾਦ’ ਤਹਿਤ ਜ਼ਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਸਰਹੱਦੀ ਪਿੰਡਾਂ ਵਿੱਚ ‘ਅਬਾਦ ਸੰਜੀਵਨੀ ਮੈਡੀਕਲ ਕੈਂਪ’ ਲਗਾ ਕੇ ਲੋਕਾਂ ਨੂੰ ਮੁਫ਼ਤ ਮੈਡੀਕਲ ਸੇਵਾਵਾਂ ਦੇਣ ਦਾ ਸਿਲਸਲਾ ਲਗਾਤਾਰ ਜਾਰੀ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਅਬਾਦ ਸੰਜੀਵਨੀ ਮੈਡੀਕਲ ਕੈਂਪ ਲਗਾਉਣ ਦੇ ਸਿਲਸਲੇ ਤਹਿਤ 5 ਜਨਵਰੀ ਨੂੰ ਸਰਹੱਦੀ ਪਿੰਡਾਂ ਪੱਖੋ ਕੇ ਮਹਿਮਾਰਾ, ਖੋਦੇ ਬੇਟ, ਪੱਤੀ ਹਵੇਲੀਆਂ, ਸ਼ਾਹਪੁਰ ਜਾਜਨ ਅਤੇ ਰੱਤਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ। ਇਸ ਤੋਂ ਅਗਲੇ ਦਿਨ 6 ਜਨਵਰੀ ਨੂੰ ਪਿੰਡ ਝੰਗੀ ਪੰਨਵਾਂ ਮੰਗੀਆ, ਖੰਨਾ ਚਮਾਰਾ, ਨਿਕੋ ਸਰਾਏ ਅਤੇ ਸ਼ਾਹਪੁਰ ਜਾਜਨ ਵਿਖੇ ਮੈਡੀਕਲ ਕੈਂਪ ਲੱਗਣਗੇ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਲੱਗਣ ਵਾਲੇ ਮੈਡੀਕਲ ਕੈਂਪਾਂ ਦਾ ਸ਼ਡਿਊਲ ਵੀ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ‘ਅਬਾਦ ਸੰਜੀਵਨੀ ਮੈਡੀਕਲ ਕੈਂਪ’ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੈਡੀਕਲ ਚੈੱਕਅਪ ਕਰਕੇ ਉਨਾਂ ਨੂੰ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ‘ਅਬਾਦ ਸੰਜੀਵਨੀ ਕੈਂਪ’ ਦਾ ਸਭ ਤੋਂ ਵੱਧ ਲਾਭ ਬਜ਼ੁਰਗਾਂ, ਬੱਚਿਆਂ ਅਤੇ ਬਿਮਾਰਾਂ ਨੂੰ ਪਹੁੰਚ ਰਿਹਾ ਹੈ ਜੋ ਆਪਣੇ ਪਿੰਡਾਂ ਤੋਂ ਦੂਰ ਸਥਿਤ ਸ਼ਹਿਰ ਦੇ ਹਸਪਤਾਲ ਵਿੱਚ ਦਵਾਈ ਲੈਣ ਨਹੀਂ ਜਾ ਸਕਦੇ। ਉਨਾਂ ਕਿਹਾ ਕਿ ਇਨਾਂ ਮੈਡੀਕਲ ਕੈਂਪਾਂ ਜਰੀਏ ਜਿਥੇ ਸਰਹੱਦੀ ਇਲਾਕੇ ਦੇ ਲੋਕਾਂ ਦੇ ਸਮੇਂ ਤੇ ਪੈਸੇ ਦੀ ਬਚਤ ਹੋ ਰਹੀ ਹੈ ਓਥੇ ਲੋਕਾਂ ਨੂੰ ਉਨਾਂ ਦੇ ਪਿੰਡ ਹੀ ਮਿਆਰੀ ਸਿਹਤ ਸੇਵਾਵਾਂ ਮਿਲ ਰਹੀਆਂ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀਆਂ ਦੁੱਖ-ਤਕਲੀਫਾਂ ਦੂਰ ਕਰਨ ਲਈ ਵਚਨਬੱਧ ਹੈ।