ਨਬੀਪੁਰ ਚੌਂਕ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖਣ ਲਈ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ
ਵਿਧਾਇਕ ਵੱਲੋਂ ਜਲਦੀ ਹੀ ਨਗਰ ਕੌਂਸਲ ਗੁਰਦਾਸਪੁਰ ਵਿੱਚ ਮਤਾ ਪਾਸ ਕਰਕੇ ਕਾਰਵਾਈ ਕਰਨ ਦਾ ਦਿੱਤਾ ਭਰੋਸਾ
ਗੁਰਦਾਸਪੁਰ 1 ਜਨਵਰੀ 2024 (ਦੀ ਪੰਜਾਬ ਵਾਇਰ)। ਨਬੀਪੁਰ ਚੌਂਕ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਪੁੱਤਰ ਅਜੈ ਪਾਲ ਸਿੰਘ ਦੇ ਨਾਮ ਤੇ ਰੱਖਣ ਦੀ ਮੰਗ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦਾ ਵਫਦ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਮਿਲਿਆ। ਵਫਦ ਦੀ ਅਗਵਾਈ ਸੂਬਾ ਆਗੂ ਸਤਬੀਰ ਸਿੰਘ ਸੁਲਤਾਨੀ ਅਤੇ ਤਰਲੋਕ ਸਿੰਘ ਬਹਿਰਾਮਪੁਰ ਵੱਲੋਂ ਕੀਤੀ ਗਈ।
ਵਫ਼ਦ ਨੇ ਵਿਧਾਇਕ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਸ਼ਹਾਦਤ ਅਤੇ ਕਿਸਾਨਾਂ ਮਜ਼ਦੂਰਾਂ ਅਤੇ ਮੁਜਾਰਿਆਂ ਲਈ ਕੀਤੇ ਲੋਕ ਭਲਾਈ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਉਹਨਾਂ ਦੇ ਇਤਿਹਾਸਕ ਸਮਾਜਿਕ ਸੱਭਿਆਚਾਰਕ ਪਿਛੋਕੜ ਬਾਰੇ ਮਹੱਤਵਪੂਰਨ ਚਾਨਣਾ ਪਾਇਆ।
ਹਲਕਾ ਵਿਧਾਇਕ ਵਲੋਂ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਇਸਨੂੰ ਪਹਿਲ ਦੇ ਆਧਾਰ ਤੇ ਲਾਗੂ ਕਰਨ ਦਾ ਵਾਅਦਾ ਕੀਤਾ। ਉਹਨਾਂ ਦੱਸਿਆ ਕਿ ਉਨ੍ਹਾਂ ਵੱਲੋਂ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖਣ ਲਈ ਆਪਣੀ ਸਰਕਾਰ ਮੌਕੇ ਇਹ ਪਵਿੱਤਰ ਕਾਰਜ ਆਪਣੇ ਹੱਥ ਵਿੱਚ ਲਿਆ ਸੀ।
ਕਿਰਤੀ ਕਿਸਾਨ ਯੂਨੀਅਨ ਵੱਲੋਂ ਜੋ ਮੰਗ ਪੱਤਰ ਦਿੱਤਾ ਹੈ ਇਸ ਤੇ ਅਮਲੀਜਾਮਾ ਪਹਿਨਾਉਣ ਲਈ ਨਗਰ ਕੌਂਸਲ ਗੁਰਦਾਸਪੁਰ ਵਿੱਚ ਇਸ ਬਾਰੇ ਮਤਾ ਪੇਸ਼ ਕੀਤਾ ਜਾਵੇਗਾ। ਜਲਦੀ ਹੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਕੇ ਉਸ ਮਹਾਨ ਜਰਨੈਲ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਇਥੇ ਦੱਸਣਯੋਗ ਹੈ ਕਿ ਵਫ਼ਦ ਵੱਲੋਂ ਇਕ ਮੰਗ ਪੱਤਰ ਨਗਰ ਪਾਲਿਕਾ ਗੁਰਦਾਸਪੁਰ ਨੂੰ ਦਫ਼ਤਰ ਸੁਪਰਡੈਂਟ ਅਸ਼ੋਕ ਕੁਮਾਰ ਰਾਹੀਂ ਦਿੱਤਾ ਗਿਆ ਹੈ। ਇਸ ਸਬੰਧੀ ਯੂਨੀਅਨ ਵੱਲੋਂ ਪਹਿਲਾਂ ਵੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਇਸ ਮੌਕੇ ਤੇ ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ ਵਾਲਾ, ਦਲਜੀਤ ਸਿੰਘ ਤਲਵੰਡੀ, ਸਤਨਾਮ ਸਿੰਘ ਮਾਨੇਪੁਰ, ਸਾਗਰ ਸਿੰਘ ਭੋਲਾ, ਅਮਰਜੀਤ ਸ਼ਾਸਤਰੀ ਹਾਜ਼ਰ ਸਨ।