ਗੁਰਦਾਸਪੁਰ , 25 ਦਸੰਬਰ 2023 (ਦੀ ਪੰਜਾਬ ਵਾਇਰ)। ਥਾਣਾ ਸਿਟੀ ਗੁਰਦਾਸਪੁਰ ਪੁਲਿਸ ਵੱਲੋਂ ਇੱਕ ਪ੍ਰੋਪਰਟੀ ਕਾਰੋਬਾਰੀ ਪਾਸੋਂ ਫਿਰੋਤੀ ਮੰਗਣ ਦੇ ਦੋਸ਼ ਹੇਠ ਪਹਿਲਾਂ ਤੋਂ ਨਾਮਜਦ ਕੀਤੇ ਗਏ ਗੈਂਗਸਟਰ ਸੁਖ ਭਿਖਾਰੀਵਾਲ ਅਤੇ ਲਵਦੀਪ ਸਿੰਘ ਲਵੀ ਤੋਂ ਇਲਾਵਾ ਤਿੰਨ ਹੋਰ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੈ। ਜਿਨਾਂ ਵਿੱਚੋਂ ਇੱਕ ਮੌਜੂਦਾ ਕਾਂਗਰਸੀ ਕੌਂਸਲਰ ਅਤੇ ਇੱਕ ਯੂਥ ਕਾਂਗਰਸ ਦਾ ਸ਼ਹਿਰੀ ਪ੍ਰਧਾਨ ਹੋਣ ਦੇ ਨਾਲ ਨਾਲ ਕਾਂਗਰਸੀ ਕੌਂਸਲਰ ਦਾ ਪੁੱਤਰ ਵੀ ਹੈ। ਮਾਮਲੇ ਵਿੱਚ ਇਹਨਾਂ ਦੋਨਾਂ ਤੋਂ ਇਲਾਵਾ ਇੱਕ ਹੋਰ ਨੌਜਵਾਨ ਨਾਮਜਦ ਕੀਤਾ ਗਿਆ ਹੈ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸ਼ਿਕਾਇਤਕਰਤਾ ਵੱਲੋਂ ਸੀਆਰਐਮ ਦਾਇਰ ਕਰਨ ਉਪਰਾਂਤ ਸਪੈਸ਼ਲ ਇੰਵੇਸਟਿਗੇਸ਼ਨ ਟੀਮ ( SIT) ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਬਾਅਦ 7 ਦਿਸੰਬਰ 2023 ਨੂੰ ਦਰਜ ਕੀਤਾ ਗਿਆ ਸੀ।
ਇੱਥੇ ਦੱਸਣਾ ਬਣਦਾ ਹੈ ਕਿ 19 ਅਪ੍ਰੈਲ ਨੂੰ ਥਾਣਾ ਸਿਟੀ ਗੁਰਦਾਸਪੁਰ ਵਿੱਚ ਸ਼ਹਿਰ ਦੇ ਇੱਕ ਪ੍ਰਾਪਰਟੀ ਪ੍ਰਮੋਟਰ ਵਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਧਾਰ ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਆਪਣੀ ਸ਼ਿਕਾਇਤ ਵਿੱਚ ਪ੍ਰਮੋਟਰ ਨੇ ਦੱਸਿਆ ਸੀ ਕਿ ਨਿਊਜ਼ੀਲੈਂਡ ਦੇ ਇੱਕ ਨੰਬਰ ਤੋਂ ਉਸਨੂੰ ਲਵਦੀਪ ਸਿੰਘ ਉਫ ਲਵੀ ਨਾਮਕ ਗੈਂਗਸਟਾਰ ਨੇ ਫੋਨ ਕਰਕੇ ਗੈਂਗਸਟਰ ਸੁਖ ਭਿਖਾਰੀਵਾਲ ਨਾਲ ਗੱਲ ਕਰਵਾਈ ਸੀ ਅਤੇ ਡੇਢ ਕਰੋੜ ਰੁਪਏ ਦੀ ਫਰੋਤੀ ਮੰਗਦੇ ਹੋਏ ਧਮਕੀ ਦਿੱਤੀ ਸੀ ਕਿ ਉਸਦੀ ਸਾਰੀ ਪ੍ਰੋਪਰਟੀ ਅਤੇ ਪਰਿਵਾਰ ਬਾਰੇ ਉਹਨਾਂ ਨੂੰ ਸੂਚਨਾਵਾਂ ਮਿਲ ਰਹੀਆਂ ਹਨ। ਜੇਕਰ ਫਿਰੋਤੀ ਦੀ ਰਕਮ ਉਹਨਾਂ ਨੂੰ ਨਾ ਦਿੱਤੀ ਗਈ ਤਾਂ ਉਸਦੇ ਪਰਿਵਾਰ ਨੂੰ ਅਤੇ ਉਸਦੀ ਜਾਨ ਨੂੰ ਖਤਰਾ ਹੋ ਸਕਦਾ ਹੈ।
ਪੁਲਿਸ ਵੱਲੋਂ ਲਵੀ ਅਤੇ ਸੁੱਖ ਭਿਖਾਰੀਵਾਲ ਦੇ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਸੀ ਪਰ ਸ਼ਿਕਾਇਤ ਕਰਤਾ ਵੱਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਦਰਖਾਸਤ ਦੇਣ ਤੋਂ ਬਾਅਦ ਮਾਮਲੇ ਦੀ ਤਫਤੀਸ਼ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਸੌਂਪ ਦਿੱਤੀ ਗਈ ਸੀ। ਹੁਣ ਮਾਮਲੇ ਵਿੱਚ ਇਹਨਾਂ ਦੋਹਾਂ ਤੋਂ ਇਲਾਵਾ ਤਿੰਨ ਹੋਰ ਦੋਸ਼ੀ ਨਾਮਜਦ ਕੀਤੇ ਗਏ ਹਨ ਜਿਨਾਂ ਵਿੱਚ ਸਥਾਨਕ ਵਿਧਾਇਕ ਦਾ ਇੱਕ ਰਿਸਤੇਦਾਰ ਅਤੇ ਵਾਰਡ ਨੰਬਰ ਅੱਠ ਤੋ ਕਾਂਗਰਸ ਪਾਰਟੀ ਦਾ ਮੌਜੂਦਾ ਕੌਂਸਲਰ ਜਗਬੀਰ ਸਿੰਘ ਜੱਗੀ, ਵਾਰਡ ਨੰਬਰ 25 ਦੀ ਮਹਿਲਾ ਕਾਂਗਰਸੀ ਕੌਂਸਲਰ ਦਾ ਪੁੱਤਰ ਨਕੁਲ ਮਹਾਜਨ ਅਤੇ ਹਰਦੋਬੱਥਵਾਲਾ ਦਾ ਰਹਿਣ ਵਾਲਾ ਦਿਲਸ਼ੇਰ ਸਿੰਘ ਉਫ ਨਵੀ ਸ਼ਾਮਿਲ ਹੈ।
ਸਿਟ ਵੱਲੋਂ ਕੀਤੀ ਜਾ ਰਿਹੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਸ਼ਿਕਾਇਤ ਕਰਤਾ ਦੀ ਪ੍ਰੋਪਰਟੀ ਬਾਰੇ ਫਿਰੋਤੀ ਮੰਗਣ ਵਾਲੇ ਗੈਂਗਸਟਰਾਂ ਨੂੰ ਉਸ ਦੀ ਪ੍ਰਾਪਰਟੀ ਦੀਆਂ ਸੂਚਨਾਵਾਂ ਹੱਥ ਲਿਖਿਤ ਲਿਸਟਾਂ ਭੇਜੀਆਂ ਗਈਆਂ ਸਨ। ਹਸਤਲਿਖਤ ਲਿਸਟਾਂ ਦੇ ਮਿਲਾਣ ਦੇ ਲਈ ਉਸ ਨੂੰ ਬਕਾਇਦਾ ਫਰਾਂਸਿਕ ਸਾਇੰਸ ਲੈਬਾਰਟਰੀ ਮੋਹਾਲੀ ਭੇਜਿਆਂ ਗਇਆ ਹਨ। ਉਧਰ ਦੂਜੇ ਪਾਸੇ ਕਾਂਗਰਸੀ ਸਮਰਥਕਾਂ ਵੱਲੋਂ ਮਾਮਲੇ ਨੂੰ ਰਾਜਨੀਤੀ ਨਾਲ ਪ੍ਰੇਰਿਤ ਦੱਸਿਆ ਜਾ ਰਿਹਾ ਹੈ।