ਕੇਜਰੀਵਾਲ, ਭਗਵੰਤ ਮਾਨ ਦੀ ਰੈਲੀ ਸਥਾਨ ਤੇ ਸਫਾਈ ਕਰਨ ਪਹੁੰਚੇ ਵਿਧਾਇਕ ਪਾਹੜਾ
ਕਿਹਾ ਰੈਲੀ ਤੋਂ ਇੱਕ ਹਫਤੇ ਬਾਅਦ ਵੀ ਆਪ ਪ੍ਰਬੰਧਕਾਂ ਨੇ ਨਹੀਂ ਕਰਵਾਈ ਸਫਾਈ,ਵਾਤਾਵਰਣ ਹੋਇਆ ਦੂਸ਼ਿਤ
ਗੁਰਦਾਸਪੁਰ, 9 ਦਿਸੰਬਰ 2023 (ਦੀ ਪੰਜਾਬ ਵਾਇਰ)। ਬੀਤੀ 2 ਦਸੰਬਰ ਨੂੰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬਾ ਪੱਧਰੀ ਰੈਲੀ ਨੂੰ ਇੱਕ ਹਫਤਾ ਬੀਤਣ ਦੇ ਬਾਅਦ ਵੀ ਕਈ ਏਕੜ ਰਕਬੇ ਵਿੱਚ ਥਾਂ-ਥਾਂ ਕਚਰੇ ਦੇ ਵੱਡੇ ਢੇਰ ਸਾਫ ਨਾ ਕਰਵਾਏ ਜਾਣ ਤੋਂ ਨਰਾਜ ਹੋਏ ਹਲਕਾ ਵਿਧਾਇਕ ਬਰਿੰਦਰਮੀਤ ਪਾਹੜਾ ਅਤੇ ਨਗਰ ਕੌਂਸਲ ਦੇ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਕੌਂਸਲਰਾਂ ਸਮੇਤ ਸਫਾਈ ਕਰਨ ਪੁੱਜ ਗਏ।
ਦੱਸਣਯੋਗ ਹੈ ਕਿ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 7 ਵਿਖੇ 2 ਦਸੰਬਰ ਨੂੰ ਹੋਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਵੱਲੋਂ ਸਾਂਝੀ ਰੈਲੀ ਕੀਤੀ ਗਈ ਸੀ। ਰੈਲੀ ਸਥਾਨ ਤੇ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਸਫ਼ਾਈ ਨਾ ਹੋਣ ਕਾਰਨ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਖੁਦ ਮੈਦਾਨ ‘ਚ ਉਤਾਰਨਾ ਪਿਆ। ਸਫ਼ਾਈ ਨਾ ਹੋਣ ‘ਤੇ ਗੁੱਸੇ ‘ਚ ਆ ਕੇ ਵਿਧਾਇਕ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਪ ਆਗੂਆਂ ਨੂੰ ਕਰੜੇ ਹੱਥੀਂ ਲਿਆ। ਇਸ ਦੌਰਾਨ ਉਹ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਅਤੇ ਸਮੂਹ ਕੌਂਸਲਰਾਂ ਸਮੇਤ ਮੌਕੇ ’ਤੇ ਪੁੱਜੇ ਅਤੇ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਵਾਈ।
ਪਾਹੜਾ ਨੇ ਕਿਹਾ ਕਿ ਇਸ ਤੋਂ ਪਹਿਲਾਂ ‘ਆਪ’ ਦੇ ਕੁਝ ਆਗੂਆਂ ਕਾਰਨ ਇਸ ਥਾਂ ’ਤੇ ਦੁਸਹਿਰੇ ਦਾ ਤਿਉਹਾਰ ਨਹੀਂ ਮਨਾਇਆ ਜਾ ਸਕਿਆ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਕਲੋਨੀ ਦੇ ਕੁਝ ਲੋਕ ਉਨ੍ਹਾਂ ਨੂੰ ਮਿਲੇ ਸਨ ਅਤੇ ਸਰਕਾਰ ਦੀ ਰੈਲੀ ਤੋਂ ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਸਫ਼ਾਈ ਨਾ ਹੋਣ ਦਾ ਮਾਮਲਾ ਧਿਆਨ ਵਿੱਚ ਲਿਆਂਦਾ ਸੀ ਉਨ੍ਹਾਂ ਦੱਸਿਆ ਕਿ ਰੈਲੀ ਸਥਾਨ ਤੇ ਕਚਰਾ ਫੈਲਣ ਕਰਕੇ ਵਾਤਾਵਰਣ ਦੂਸ਼ਿਤ ਹੋ ਗਿਆ ਹੈ ਅਤੇ ਕਲੌਨੀ ਨਿਵਾਸੀ ਬੇਹੱਦ ਪਰੇਸ਼ਾਨ ਹਨ। ਅੱਜ ਜਦੋਂ ਖੁਦ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਸਨ।
ਪਾਹੜਾ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਅਤੇ ਕੌਂਸਲਰਾਂ ਨਾਲ ਮਿਲ ਕੇ ਸਫਾਈ ਮੁਹਿੰਮ ਸ਼ੁਰੂ ਕੀਤੀ ਹੈ। ਜਦੋਂਕਿ ਇੱਥੇ ਸਫ਼ਾਈ ਕਰਵਾਉਣ ਦੀ ਜ਼ਿੰਮੇਵਾਰੀ ਨਗਰ ਸੁਧਾਰ ਟਰੱਸਟ ਦੀ ਹੈ। ਬਦਕਿਸਮਤੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਥੇ ਪਵਿੱਤਰ ਤਿਉਹਾਰ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਪਰ ਰੈਲੀ ਦੀ ਇਜਾਜ਼ਤ ਦਿੱਤੀ ਗਈ ਸੀ।