ਗੁਰਦਾਸਪੁਰ

ਅਸਥਾਈ ਚੌਕ ਢਾਹ ਕੇ, ਬੋਰਡ ਨਾਲੀ ਕਿਨਾਰੇ ਰੱਖਣ ਤੇ ਰਾਮਗੜ੍ਹੀਆ ਭਾਈਚਾਰੇ ਨੇ ਕੀਤਾ ਰੋਸ਼ ਪ੍ਰਦਰਸ਼ਨ

ਅਸਥਾਈ ਚੌਕ ਢਾਹ ਕੇ, ਬੋਰਡ ਨਾਲੀ ਕਿਨਾਰੇ ਰੱਖਣ ਤੇ ਰਾਮਗੜ੍ਹੀਆ ਭਾਈਚਾਰੇ ਨੇ ਕੀਤਾ ਰੋਸ਼ ਪ੍ਰਦਰਸ਼ਨ
  • PublishedDecember 9, 2023

ਅਧਿਕਾਰੀ ਨੇ ਦੱਸਿਆ ਨਵੇਂ ਬੱਸ ਅੱਡੇ ਕਾਰਨ ਵੱਧ ਗਿਆ ਟ੍ਰੈਫਿਕ ਜਾਮ ਕਰ ਰਿਹਾ ਸੀ ਬੋਰੀਆਂ ਰੱਖ ਬਣਾਇਆ ਗਿਆ ਅਸਥਾਈ ਚੌਕ

ਮਾਮਲਾ ਸ਼ਾਂਤ ਕਰਨ ਲਈ ਮੰਗੀ ਗਈ ਮੁਆਫੀ, ਕਿਹਾ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਣਾ ਮਕਸਦ ਨਹੀਂ

ਗੁਰਦਾਸਪੁਰ, 9 ਦਿਸੰਬਰ 2023 (ਦੀ ਪੰਜਾਬ ਵਾਇਰ)। ਤਿਬੜੀ ਰੋਡ ਸਥਿਤ ਅੰਡਰ ਬ੍ਰਿਜ ਕੋਲ ਉਸ ਵੇਲੇ ਮਾਹੌਲ ਗਰਮ ਹੋ ਗਿਆ ਜੱਦ ਟ੍ਰੈਫਿਕ ਨਿਜਾਤ ਲਈ ਲੋਕਾਂ ਵੱਲੋਂ ਬੋਰਿਆ ਲਗਾ ਕੇ ਬਣਾਏ ਗਏ ਆਰਜੀ ਚੌਕ ਨੂੰ ਲੋਕ ਨਿਰਮਾਨ ਵਿਭਾਗ ਵੱਲੋਂ ਢਾਹ ਕੇ ਸਾਫ ਦਿੱਤਾ ਗਿਆ। ਰਾਮਗੜ੍ਹੀਆ ਭਾਈਚਾਰੇ ਵੱਲੋਂ ਇਸ ਤੇ ਰੋਸ ਪ੍ਰਗਟ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਵਿਭਾਗ ਵੱਲੋਂ ਚੌਂਕ ਵਿੱਚ ਭਾਈ ਲਾਲੋ ਜੀ ਦੇ ਨਾਮ ਦਾ ਲਿਖਿਆ ਬੋਰਡ ਵੀ ਨਾਲੀ ਕਿਨਾਰੇ ਰੱਖ ਦਿੱਤਾ ਗਿਆ। ਜਿਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਭਾਈਚਾਰੇ ਵੱਲੋਂ ਪ੍ਰਸ਼ਾਸਨ ਖਿਲਾਫ਼ ਨਾਰੇ ਬਾਜੀ ਕਰਦੇ ਹੋਏ ਅਧਿਕਾਰੀ ਦੇ ਮਾਫੀ ਮੰਗਣ ਦੀ ਮੰਗ ਰੱਖੀ ਗਈ। ਮਾਮਲਾ ਤੂਲ ਫੜਦਾ ਵੇਖ ਲੋਕ ਨਿਰਮਾਨ ਵਿਭਾਗ ਦੇ ਅਧਿਕਾਰੀ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੇ ਸਥਿਤੀ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਬੋਰਡ ਰੱਖਣ ਨੂੰ ਕਿਸੇ ਅਨਪੜ੍ਹ ਲੇਬਰ ਦੀ ਅਨਜਾਣ ਗਲਤੀ ਦੱਸਦੇ ਹੋਏ ਮਾਮਲਾ ਸ਼ਾਤ ਕਰਨ ਲਈ ਆਪ ਮੁਆਫੀ ਮੰਗੀ ਗਈ।

ਇਸ ਦੌਰਾਨ ਗੁਰਦਾਸਪੁਰ ਸਿਟੀ ਦੇ ਡੀਐਸਪੀ ਵੀ ਮੌਕੇ ਤੇ ਮੌੈਜੂਦ ਰਹੇ। ਇਸ ਦੌਰਾਨ ਕਰੀਬ ਇੱਕ ਘੰਟਾ ਚੌਕ ਜਾਮ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਅਤੇ ਸ਼ਹਿਰ ਤੋਂ ਬੱਸ ਸਟੈਡ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਲੰਬਾ ਸਫ਼ਰ ਤਹਿ ਕਰਨਾ ਪਿਆ।

ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਕੌਂਸਲਰ ਸਤਿੰਦਰ ਸਿੰਘ ਅਤੇ ਰਾਮਗੜ੍ਹੀਆ ਭਾਈਚਾਰੇ ਨੇ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਸ ਚੌਕ ਦਾ ਨਾਂ ਭਾਈ ਲਾਲੋ ਚੌਕ ਰੱਖਿਆ ਗਿਆ ਹੈ। ਇਸ ਚੌਕ ਨੂੰ ਨਗਰ ਕੌਂਸਿਲ ਵੱਲੋਂ ਵੀ ਮਨਜ਼ੂਰੀ ਦਿੱਤੀ ਗਈ ਹੈ, ਜਿੱਸ ਦੇ ਚਲਦੇ ਆਰਜ਼ੀ ਤੌਰ ’ਤੇ ਬੋਰਡ ਲਗਾ ਕੇ ਇਹ ਚੌਕ ਬਣਾਇਆ ਗਿਆ ਸੀ।

ਪਰ ਕੱਲ੍ਹ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੱਲੋਂ ਬਿਨ੍ਹਾਂ ਲੋਕਾਂ ਨੂੰ ਦੱਸੇ ਇਸ ਚੌਕ ਨੂੰ ਢਾਹ ਦਿੱਤਾ ਗਿਆ। ਇਸ ਦੇ ਨਾਲ ਹੀ ਚੌਂਕ ਵਿੱਚ ਲਗਾਏ ਗਏ ਭਾਈ ਲਾਲੋ ਜੀ ਦੇ ਫਲੈਕਸ ਬੋਰਡ ਨੂੰ ਹਟਾ ਕੇ ਨਾਲੀ ਕੰਡੇ ਸੁੱਟ ਦਿੱਤਾ ਗਿਆ। ਜਿਸ ਕਾਰਨ ਰਾਮਗੜ੍ਹੀਆ ਭਾਈਚਾਰੇ ਅਤੇ ਸਮੂਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਅਧਿਕਾਰੀ ਦੇ ਮਾਫੀ ਮੰਗਣ ਦੀ ਮੰਗ ਰੱਖਦੇ ਹੋਏ ਧਰਨਾ ਜਾਰੀ ਰੱਖਣ ਦੀ ਗੱਲ ਕਹੀ।

ਉਧਰ ਮੌਕੇ ਤੇ ਪੁੱਜੇ ਲੋਕ ਨਿਰਮਾਣ ਵਿਭਾਗ ਦੇ ਐਸਡੀਓ ਲਵਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਵੱਲੋਂ ਚੌਕ ’ਤੇ ਬੋਰੀਆਂ ਲਗਾ ਕੇ ਬਾਊਂਡਰੀ ਬਣਾ ਦਿੱਤੀ ਗਈ ਸੀ। ਪਰ ਨਵਾਂ ਬੱਸ ਸਟੈਂਡ ਬਣਨ ਕਾਰਨ ਇਥੇ ਆਵਾਜਾਈ ਵਧਣੀ ਸ਼ੁਰੂ ਹੋ ਗਈ ਹੈ ਜਿਸ ਕਾਰਨ ਇਥੇ ਟਰੈਫਿਕ ਜਾਮ ਲੱਗ ਜਾਂਦਾ ਹੈ। ਆਮ ਰਾਹਗੀਰਾਂ ਅਤੇ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਚਲਦੇ ਉਥੇ ਲਗਾਏ ਗਇਆਂ ਅਸਥਾਈ ਬੋਰੀਆਂ ਨੂੰ ਉਥੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਨਹੀਂ ਜਾਣਦੇ ਕੀ ਨਾਲੀ ਕਿਨਾਰੇ ਬੋਰਡ ਕਿਸ ਨੇ ਰੱਖਿਆ। ਉਨ੍ਹਾ ਕਿਹਾ ਕਿ ਹੋ ਸਕਦਾ ਕੋਈ ਅਨਪੜ੍ਹ ਲੇਬਰ ਨੇ ਇਹ ਗਲਤੀ ਕੀਤੀ ਹੋਵੇ ਪਰ ਉਨ੍ਹਾਂ ਕਿਸੇ ਦਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਜੇਕਰ ਇਸ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੇ ਹਨ।

ਇਸ ਸਬੰਧੀ ਮੌਕੇ ਤੇ ਮੌਜੂਦ ਸਿਟੀ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਚੌਕ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜਿਸ ਦਾ ਕਾਰਨ ਲੋਕ ਨਿਰਮਾਨ ਵਿਭਾਗ ਵੱਲੋਂ ਟਰੈਫਿਕ ਸਮਸਿਆ ਪੇਸ਼ ਆਉਣ ਦੇ ਚਲਦੇ ਇਥੇ ਅਸਥਾਈ ਚੌਂਕ ਨੂੁੰ ਢਾਇਆ ਗਿਆ ਸੀ। ਪਰ ਭਾਈ ਲਾਲੋਂ ਜੀ ਦਾ ਬੋਰਡ ਨਾਲੀ ਕਿਨਾਰੇ ਰੱਖਣ ਦੇ ਚੱਲਦੇ ਲੋਕਾਂ ਅੰਦਰ ਰੋਸ਼ ਸੀ। ਜਿਸ ਨੂੰ ਐਸਡੀਓ ਵੱਲੋਂ ਮੌਕੇ ਤੇ ਆ ਕੇ ਕਿਸੇ ਅਨਪੜ੍ਹ ਲੇਬਰ ਦੀ ਗਲਤੀ ਦੱਸਦੇ ਹੋਏ ਆਪ ਮੁਆਫੀ ਮੰਗਣ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਡ ਬਾਹਰ ਜਾਣ ਨਾਲ ਹੁਣ ਇਸ ਛੋਟੇ ਚੌਕ ਵਿੱਚ ਕਾਫੀ ਟਰੈਫਿਕ ਜਾਮ ਹੁੰਦੀ ਹੈ। ਜਿਸ ਦਾ ਜਲਦੀ ਹੱਲ ਕੱਢ ਲਿਆ ਜਾਵੇਗਾ।

Written By
The Punjab Wire