ਗੁਰਦਾਸਪੁਰ ਪੰਜਾਬ

ਸਿਵਲ ਸਰਜਨ ਵੱਲੋਂ ਸਵਾਈਨ ਫਲੂ ਸਬੰਧੀ ਹਦਾਇਤਾਂ ਜਾਰੀ

ਸਿਵਲ ਸਰਜਨ ਵੱਲੋਂ ਸਵਾਈਨ ਫਲੂ ਸਬੰਧੀ ਹਦਾਇਤਾਂ ਜਾਰੀ
  • PublishedDecember 8, 2023

ਗੁਰਦਾਸਪੁਰ, 8 ਦਸੰਬਰ 2023 ( ਦੀ ਪੰਜਾਬ ਵਾਇਰ ) । ਸਰਦੀਆਂ ਦੇ ਮੌਸਮ ਵਿੱਚ ਸਵਾਈਨ ਫਲੂ ਦੀ ਬਿਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਸਿਹਤ ਵਿਭਾਗ ਦੇ ਨਾਲ ਹੋਰ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਨੂੰ ਸਵਾਈਨ ਫਲੂ ਤੋਂ ਬਚਣ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਹਨ।

ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਇਸ ਸਮੇਂ ਇੰਫਲੂਐਂਜਾ ਵਾਇਰਸ (ਐੱਚ-1, ਐੱਨ-1) ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਸਵਾਇਨ ਫਲੂ ਦੇ ਲੱਛਣਾਂ ਵਿਚ ਬੁਖਾਰ 101 ਡਿਗਰੀ, ਖਾਂਸੀ, ਦੁਖਦਾ ਗਲਾ, ਡਾਇਰੀਆ, ਉਲਟੀਆਂ ਅਤੇ ਸਾਹ ਆਉਣ ਵਿੱਚ ਤਕਲੀਫ ਹੋਣਾ ਸ਼ਾਮਿਲ ਹੈ। ਆਪਣੇ ਵਿਭਾਗ ਵਿਚ ਸਵਾਈਨ ਫਲੂ ਸਬੰਧੀ ਪੈਰਾ ਮੈਡੀਕਲ ਟੀਮ ਰਾਹੀਂ ਜਾਗਰੂਕਤਾ ਫੈਲਾਈ ਜਾਵੇ।

ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਤੋਂ ਬਚਣ ਵਾਸਤੇ ਖੰਘਦੇ ਜਾਂ ਛਿਕਦੇ ਹੋਏ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖੋ। ਆਪਣੇ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕੀਤੇ ਜਾਣ। ਭੀੜ ਭਰੀਆਂ ਥਾਵਾਂ ’ਤੇ ਨਾ ਜਾਓ। ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖਾਰ ਨਾਲ ਪੀੜਤ ਵਿਅਕਤੀਆਂ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੋ। ਪੂਰੀ ਨੀਂਦ ਲਓ, ਸਰੀਰਕ ਤੌਰ ’ਤੇ ਚੁਸਤ ਰਹੋ ਅਤੇ ਤਣਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟੋ। ਬਹੁਤ ਸਾਰਾ ਪਾਣੀ ਪੀਓ ਅਤੇ ਪੋਸ਼ਟਿਕ ਭੋਜਨ ਖਾਓ। ਉਹਨਾਂ ਨੇ ਦਸਿਆ ਕਿ ਹਾਈ ਰਿਸਕ ਗਰੁੱਪ ਜਿਵੇਂ ਕਿ 5 ਸਾਲ ਤੋਂ ਛੋਟੇ ਬੱਚੇ, 65 ਸਾਲ ਤੋਂ ਜਿਆਦਾ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ, ਲੰਬੇ ਸਮੇਂ ਤੋਂ ਸ਼ੂਗਰ, ਕੈਂਸਰ, ਏਡਜ਼, ਦਿਲ ਦੀ ਬਿਮਾਰੀ, ਫੇਫੜੇ ਦੀ ਬਿਮਾਰੀ ਅਤੇ ਗੁਰਦੇ ਦੀ ਬਿਮਾਰੀ ਦੇ ਮਰੀਜ਼ਾਂ ਨੂੰ ਉਕਤ ਲੱਛਣ ਹੋਣ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿਚ ਆਪਣਾ ਚੈਕਅੱਪ ਕਰਵਾਇਆ ਜਾਵੇ।

ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵਾਈਨ ਫਲੂ ਤੋਂ ਬਚਣ ਵਾਸਤੇ ਦਵਾਈ ਸਿਵਲ ਹਸਪਤਾਲ ਗੁਰਦਾਸਪੁਰ, ਸਬ ਡਿਵਜ਼ੀਨਲ ਹਸਪਤਾਲ ਬਟਾਲਾ ਅਤੇ ਹਰੇਕ ਸੀ.ਐਚ.ਸੀ. ਪੱਧਰ ’ਤੇ ਉਪੱਲਬਧ ਕਰਵਾਈਆ ਗਈਆਂ ਹਨ ਅਤੇ ਇਸ ਸਬੰਧੀ ਇਲਾਜ ਅਤੇ ਦਵਾਈਆਂ ਮੁਫਤ ਉਪਲਬਧ ਹਨ। ਸੀ.ਐਚ.ਸੀ. ਪੱਧਰ, ਜ਼ਿਲ੍ਹਾ ਹਸਪਤਾਲ ਅਤੇ ਐੱਸ.ਡੀ.ਐੱਚ. ਵਿਖੇ ਸਵਾਈਨ ਫਲੂ ਸਬੰਧੀ ਫਲੂ ਕਾਰਨਰ ਅਤੇ ਆਈਸੋਲੇਸ਼ਨ ਵਾਰਡ ਤਿਆਰ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਤੋਂ ਬਚਣ ਲਈ ਉਪਰੋਕਤ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ।

Written By
The Punjab Wire