ਬਹੁਤ ਜਲਦ ਸ਼ੁਰੂ ਹੋਵੇਗਾ ਕਾਦੀਆਂ ਦੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ – ਜਗਰੂਪ ਸਿੰਘ ਸੇਖਵਾਂ
ਕਾਦੀਆਂ/ਗੁਰਦਾਸਪੁਰ, 6 ਦਸੰਬਰ 2023 (ਦੀ ਪੰਜਾਬ ਵਾਇਰ)। ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀਆਂ ਕੋਸ਼ਿਸ਼ਾਂ ਸਦਕਾ ਨਗਰ ਕੌਂਸਲ ਕਾਦੀਆਂ ਦੇ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਮਸਲਾ ਹੱਲ ਹੋ ਗਿਆ ਹੈ। ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਅੱਜ ਚੰਡੀਗੜ੍ਹ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਕਰਕੇ ਸੀਵਰੇਜ ਟਰੀਟਮੈਂਟ ਲਈ ਪੰਚਾਇਤ ਵਿਭਾਗ ਵੱਲੋਂ ਦਿੱਤੀ ਜਾਣ ਵਾਲੀ ਜ਼ਮੀਨ ਦੀ ਫਾਈਲ ਕਲੀਅਰ ਕਰਵਾ ਲਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪੰਚਾਇਤੀ ਜ਼ਮੀਨ ਦੇਣ ਦੀ ਫਾਈਲ ਕਲੀਅਰ ਹੋਣ ਤੋਂ ਬਾਅਦ ਹੁਣ ਜਲਦੀ ਹੀ ਕਾਦੀਆਂ ਦੇ ਸੀਵਰੇਜ ਟਰੀਟਮੈਂਟ ਪਲਾਂਟ ਬਣਨ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਦੀਆਂ ਜੋ ਕਿ ਇਤਿਹਾਸਕ ਅਤੇ ਧਾਰਮਿਕ ਤੌਰ ’ਤੇ ਸੂਬਾ ਪੰਜਾਬ ਦਾ ਅਹਿਮ ਸ਼ਹਿਰ ਹੈ ਅਤੇ ਜਮਾਤ-ਏ-ਅਹਿਮਦੀਆ ਦਾ ਸਦਰ ਮੁਕਾਮ ਹੋਣ ਕਾਰਨ ਪੂਰੀ ਦੁਨੀਆਂ ’ਚ ਅਬਾਦ ਅਹਿਮਦੀਆ ਭਾਈਚਾਰੇ ਲਈ ਖਾਸ ਥਾਂ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਭਾਂਵੇ ਸੀਵਰੇਜ ਪਿਆ ਹੋਇਆ ਹੈ ਪਰ ਸੀਵਰੇਜ ਟਰੀਟਮੈਂਟ ਪਲਾਂਟ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਆ ਰਹੀ ਸੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਕਾਦੀਆਂ ਵੱਲੋਂ ਪਿੰਡ ਡੱਲਾ ਦੀ ਪੰਚਾਇਤ ਕੋਲੋਂ 2 ਏਕੜ ਜ਼ਮੀਨ ਖਰੀਦੀ ਜਾ ਰਹੀ ਹੈ ਜਿਸ ਵਿੱਚ ਇਹ ਸੀਵਰੇਜ ਟਰੀਟਮੈਂਟ ਪਲਾਂਟ ਬਣੇਗਾ।
ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਸੀਵਰੇਜ ਟਰੀਟਮੈਂਟ ਪਲਾਂਟ ਦੀ ਜ਼ਮੀਨ ਲੈਣ ਸਮੇਂ ਕਈ ਪ੍ਰਕਾਰ ਦੀਆਂ ਤਕਨੀਕੀ ਸ਼ਰਤਾਂ ਪੂਰੀਆਂ ਕਰਨ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੰਤਰੀ ਸਾਹਿਬਾਨ ਅਤੇ ਉੱਚ ਅਧਿਕਾਰੀਆਂ ਤੱਕ ਨਿੱਜੀ ਤੌਰ ’ਤੇ ਪਹੁੰਚ ਕੀਤੀ ਸੀ। ਅੱਜ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਕੋਲ ਇਹ ਮਸਲਾ ਉਠਾਇਆ ਸੀ ਅਤੇ ਮੰਤਰੀ ਸਾਹਿਬ ਨੇ ਇਸ ਸਬੰਧੀ ਫਾਈਲ ਕਲੀਅਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਕਾਦੀਆਂ ਦਾ ਸੀਵਰੇਜ ਟਰੀਟਮੈਂਟ ਪਲਾਂਟ ਬਣ ਕੇ ਤਿਆਰ ਹੋ ਜਾਵੇਗਾ ਜਿਸ ਨਾਲ ਕਾਦੀਆਂ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਪੱਕੇ ਤੌਰ ’ਤੇ ਹੱਲ ਹੋ ਜਾਵੇਗੀ। ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਕਾਸ ਲਈ ਵਚਨਬੱਧ ਹਨ।