ਪ੍ਰਧਾਨ ਮੰਤਰੀ ਮੋਦੀ ਵੀ ਦੋ ਵਾਰ ਹਲਕੇ ਵਿੱਚ ਆਏ ਪਰ ਨਹੀਂ ਦਿੱਤਾ ਹਲਕਾ ਵਾਸਿਆ ਨੂੰ ਕੋਈ ਵੱਡਾ ਤੋਹਫ਼ਾ
ਜ਼ਿਲ੍ਹੇ ਦੀਆਂ ਸੱਤ ਸੀਟਾਂ ‘ਤੇ ‘ਆਪ’ ਦੇ ਸਿਰਫ਼ ਦੋ ਵਿਧਾਇਕ
ਗੁਰਦਾਸਪੁਰ 1 ਦਸੰਬਰ 2023 (ਮੰਨਨ ਸੈਣੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਮਦ ਨੂੰ ਲੈ ਕੇ ਜ਼ਿਲ੍ਹਾ ਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ। ਮੁੱਖ ਮੰਤਰੀ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰੈਲੀ ਨੂੰ ਲੈ ਕੇ ਜਿੱਥੇ ਵਰਕਰਾਂ ਭੱਬਾ ਭਾਰ ਹਨ, ਉੱਥੇ ਹੀ ਆਮ ਲੋਕਾਂ ਨੇ ਵੀ ਉਨ੍ਹਾਂ ਦੀ ਆਮਦ ਨੂੰ ਲੈ ਕੇ ਕਈ ਆਸਾਂ ਬੱਝੀਆਂ ਹਨ। ਆਮ ਲੋਕਾਂ ਨੂੰ ਆਸ ਹੈ ਕਿ ਮੁੱਖ ਮੰਤਰੀ ਇਸ ਪਛੜੇ ਜ਼ਿਲ੍ਹੇ ਨੂੰ ਕੋਈ ਨਾ ਕੋਈ ਵੱਡਾ ਪ੍ਰਾਜੈਕਟ ਜ਼ਰੂਰ ਦੇਣਗੇ ਜਿਸ ਨਾਲ ਇਸ ਸਰਹੱਦੀ ਜ਼ਿਲ੍ਹੇ ਦੇ ਲੋਕਾਂ ਨੂੰ ਰੁਜ਼ਗਾਰ ਤੇ ਹੋਰ ਸਹੂਲਤਾਂ ਮਿਲਣਗੀਆਂ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਵਾਸੀ ਕਾਂਗਰਸ ਦੇ ਮੁੱਖ ਮੰਤਰੀਆਂ, ਭਾਜਪਾ ਸੰਸਦ ਮੈਂਬਰ ਅਤੇ ਇੱਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਵੀ ਕਾਫੀ ਨਿਰਾਸ਼ ਹੋ ਚੁੱਕੇ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕੇ ਵਿੱਚ ਆਏ ਸਨ ਪਰ ਹਲਕੇ ਦੇ ਹੱਥ ਖਾਲੀ ਹੀ ਰਹੇ। ਚੰਨੀ ਕੋਈ ਵੱਡਾ ਪ੍ਰੋਜੈਕਟ ਦੇਣ ਦੇ ਨਾਂ ’ਤੇ ਬੱਸ ਇੰਨਾ ਕਹਿ ਗਏ ਕਿ ਉਹ ਕੋਰੇ ਕਾਗਜ਼ ’ਤੇ ਆਪਣਾ ਅੰਗੂਠਾ ਲਾਉਣ ਨੂੰ ਤਿਆਰ ਹਨ, ਜੋ ਮਰਜੀ ਲੈ ਲਵੋਂ, ਪਰ ਜਿਲ੍ਹੇ ਨੂੰ ਮਿਲਿਆਂ ਕੁੱਝ ਨਹੀ। ਇਸੇ ਤਰ੍ਹਾਂ ਇੱਕ ਅਜ਼ਾਦੀ ਦਿਵਸ ਦੇ ਇੱਕ ਪ੍ਰੋਗਰਾਮ ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਥੇ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਸੀ ਪਰ ਕੈਪਟਨ ਦਾ ਇਹ ਵਾਅਦਾ ਵੀ ਵਫ਼ਾ ਨਹੀਂ ਹੋਇਆ। ਜਿਸ ਕਾਰਨ ਲੋਕ ਨਿਰਾਸ਼ ਹੋ ਗਏ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਵਾਰ ਗੁਰਦਾਸਪੁਰ ਆਏ, ਜਿਸ ਕਾਰਨ ਜ਼ਿਲ੍ਹੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਦੀ ਆਮਦ ‘ਤੇ ਵੱਡੇ ਪ੍ਰੋਜੈਕਟਾਂ ਦੇ ਸੁਪਨੇ ਲਏ | ਗੁਰਦਾਸਪੁਰ ਮੁਕੇਰੀਆ ਰੇਲਵੇ ਲਾਈਨ ਪ੍ਰੋਜੈਕਟ ਅਤੇ ਏਮਜ਼ ਮਿਲਣ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਸਨ। ਪਰ ਪ੍ਰਧਾਨ ਮੰਤਰੀ ਨੇ ਨਾ ਤਾਂ ਜ਼ਿਲ੍ਹੇ ਨੂੰ ਕੋਈ ਵੱਡਾ ਤੋਹਫ਼ਾ ਦਿੱਤਾ ਅਤੇ ਨਾ ਹੀ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਦਿੱਤਾ, ਜਿਸ ਨਾਲ ਲੋਕਾਂ ਨੂੰ ਬਹੁਤ ਦੁੱਖ ਹੋਇਆ।
ਗੁਰਦਾਸਪੁਰ ਹਲਕਾ ਵਾਸੀਆਂ ਨੇ ਉਨ੍ਹਾਂ ਦੀਆਂ ਆਸਾਂ ‘ਤੇ ਖਰਾ ਉਤਰਣ ਲਈ ਸੰਸਦ ਮੈਂਬਰ ਸੰਨੀ ਦਿਓਲ ਨੂੰ ਚੁਣਿਆ। ਪਰ ਫਿਲਮੀ ਜਗਤ ਵਿੱਚ ਸੁਪਰ ਸਟਾਰ ਹੀਰੋ ਰਾਜਨੀਤੀ ਵਿੱਚ ਫੇਲ ਸਾਬਤ ਹੋਏ ਅਤੇ ਲੋਕ ਉਨ੍ਹਾਂ ਦੇ ਦਰਸ਼ਨਾਂ ਤੋਂ ਵੀ ਵਾਂਝੇ ਰਹੇ।
ਇਸ ਤੋਂ ਬਾਅਦ ਹੁਣ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਬੱਸ ਸਟੈਂਡ ਦਾ ਉਦਘਾਟਨ ਕਰਨ ਲਈ ਗੁਰਦਾਸਪੁਰ ਆ ਰਹੇ ਹਨ। ਉਂਜ ਵਿਧਾਨਸਭਾ ਚੌਣਾ ਦੌਰਾਨ ਆਮ ਆਮਦੀ ਪਾਰਟੀ ਦੀ ਚਲੀ ਇਸ ਲਹਿਰ ਵਿੱਚ ਵੀ ਆਪ ਕਾਂਗਰਸ ਦੇ ਇਸ ਗੜ੍ਹ ਵਾਲੇ ਜ਼ਿਲ੍ਹੇ ਨੂੰ ਤੋੜਨ ਵਿੱਚ ਨਾਕਾਮ ਹੀ ਰਹੀ ਹੈ। ਜ਼ਿਲ੍ਹੇ ਦੀਆਂ ਸੱਤ ਵਿਧਾਨ ਸਭਾ ਸੀਟਾਂ ਵਿੱਚੋਂ ਸਿਰਫ਼ ਦੋ ਵਿਧਾਇਕ ਬਟਾਲਾ ਤੋਂ ਸ਼ੈਰੀ ਕਲਸੀ ਅਤੇ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਅਮਰਪਾਲ ਸਿੰਘ ਹੀ ਜਿੱਤ ਦਰਜ ਕਰਨ ਵਿੱਚ ਸਫ਼ਲ ਰਹੇ। ਵਿਧਾਨ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਵੀ ਇਸੇ ਜ਼ਿਲ੍ਹੇ ਵਿੱਚੋਂ ਉਭਰੀ ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ, ਦੋ ਸਾਬਕਾ ਮੰਤਰੀ ਅਰੁਣਾ ਚੌਧਰੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਬਰਿੰਦਰਮੀਤ ਸਿੰਘ ਪਾਹੜਾ ਸ਼ਾਮਲ ਹਨ।
ਪਰ ਮੁੱਖ ਮੰਤਰੀ ਮਾਨ ਵੱਲੋਂ ਮੁਫਤ ਬਿਜਲੀ, ਤੀਰਥ ਯਾਤਰਾ ਸਕੀਮ, ਆਮ ਆਦਮੀ ਕਲੀਨਿਕ ਆਦਿ ਸਮੇਤ ਕੀਤੇ ਜਾ ਰਹੇ ਲੋਕ ਭਲਾਈ ਫੈਸਲਿਆਂ ਕਾਰਨ ਲੋਕਾਂ ਨੂੰ ਹੁਣ ਮੁੱਖ ਮੰਤਰੀ ਤੋਂ ਆਸ ਬੱਝੀ ਹੋਈ ਹੈ ਕਿ ਉਹ ਹਲਕੇ ਲਈ ਕੋਈ ਨਾ ਕੋਈ ਵੱਡਾ ਪ੍ਰੋਜੈਕਟ ਜ਼ਰੂਰ ਦੇਣਗੇ।
ਪਰ ਇਸ ਰਹੱਸ ਤੋਂ ਪਰਦਾ ਮੁੱਖ ਮੰਤਰੀ ਦੇ ਆਉਣ ਤੋਂ ਬਾਅਦ ਹੀ ਹਟ ਜਾਵੇਗਾ, ਇਹ ਤਾਂ ਪਤਾ ਲੱਗੇਗਾ ਕਿ ਮੁੱਖ ਮੰਤਰੀ ਜ਼ਿਲ੍ਹਾ ਵਾਸੀਆਂ ਲਈ ਕੋਈ ਵੱਡਾ ਪ੍ਰਾਜੈਕਟ ਦੇਣ ਦਾ ਵਾਅਦਾ ਕਰਦੇ ਹਨ ਜਾਂ ਫਿਰ ਇਸ ਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਦੇ ਸੁਪਨੇ ਸਾਕਾਰ ਹੁੰਦੇ ਹਨ। ਪਹਿਲਾਂ ਵਾਂਗ ਟੁੱਟ ਜਾਵੇਗਾ। ਹਾਲਾਂਕਿ ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਵੱਡੇ ਆਗੂਆਂ ਦਾ ਦਾਅਵਾ ਹੈ ਕਿ ਮਾਨ ਜ਼ਿਲ੍ਹੇ ਦੇ ਲੋਕਾਂ ਲਈ ਇਤਿਹਾਸਕ ਫੈਸਲੇ ਲੈਣਗੇ।