ਪੰਗੂੜੇ ਵਿੱਚ ਛੱਡ ਆਉਂਦੇ ਤਾਂ ਬੱਚ ਸਕਦੀ ਸੀ ਜਾਣ
ਗੁਰਦਾਸਪੁਰ, 30 ਨਵੰਬਰ 2023 (ਦੀ ਪੰਜਾਬ ਵਾਇਰ)। ਨਬੀਪੁਰ ਕਲੋਨੀ ਵਿੱਚ ਇੱਕ ਸ਼ਰਮਨਾਕ ਅਤੇ ਖੌਫਨਾਕ ਘਟਨਾ ਸਾਹਮਣੇ ਆਈ ਹੈ। ਇਸ ਕਲੋਨੀ ਵਿੱਚ ਇੱਕ ਅਣਚਾਹੇ ਨਵਜੰਮੇ ਬੱਚੇ ਨੂੰ ਕਾਰ ਹੇਠ ਸੁੱਟ ਦਿੱਤਾ ਗਿਆ। ਜਿਸ ਨੂੰ ਆਵਾਰਾ ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾਧਾ ਜਾ ਰਿਹਾ ਸੀ। ਜਦੋਂ ਤੱਕ ਪਤਾ ਲੱਗਾ, ਉਦੋਂ ਤੱਕ ਬੱਚੇ ਦੀ ਅੱਧੇ ਸ਼ਰੀਰ ਨੂੰ ਕੁੱਤਿਆਂ ਨੇ ਖਾ ਲਿਆ ਸੀ। ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਕੁੱਤੇ ਬੱਚੇ ਨੂੰ ਖਾਂਦੇ ਰਹੇ ਪਰ ਲੋਕਾਂ ਨੇ ਧਿਆਨ ਨਹੀਂ ਦਿੱਤਾ। ਇਸ ਬਾਰੇ ਜਦੋਂ ਕਿਸਾਨ ਆਗੂ ਇੰਦਰਪਾਲ ਬੈਂਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਕੁੱਤਿਆਂ ਨੂੰ ਭਜਾ ਕੇ ਬੱਚੇ ਨੂੰ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਦਰਪਾਲ ਸਿੰਘ ਬੈਂਸ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਪਿੰਡ ਗਿਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਨੇ ਨਵਜੰਮੇ ਬੱਚੇ ਨੂੰ ਕਾਰ ਹੇਠਾਂ ਸੁੱਟ ਦਿੱਤਾ ਹੈ। ਜਿਸ ਨੂੰ ਆਵਾਰਾ ਕੁੱਤਿਆਂ ਵੱਲੋਂ ਨੋਚਿਆ ਜਾ ਰਿਹਾ ਸੀ। ਕੁੱਤਿਆਂ ਨੇ ਬੱਚੇ ਦੇ ਹੇਠਲੇ ਅੱਧੇ ਹਿੱਸੇ ਨੂੰ ਪਾੜ ਕੇ ਖਾ ਲਿਆ। ਜਿਨ੍ਹਾਂ ਨੂੰ ਬਾਅਦ ਵਿੱਚ ਭਜਾ ਦਿੱਤਾ ਗਿਆ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਣ ‘ਤੇ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਬੱਚੇ ਦੀ ਅਧੇ ਸ਼ਰੀਰ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਬੱਚਾ ਨਰ ਸੀ ਯਾ ਮਾਦਾ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕਈ ਲੋਕਾਂ ਦੇ ਬੱਚੇ ਨਹੀਂ ਹੁੰਦੇ ਅਤੇ ਉਹ ਦੁਆਵਾ ਫਰਿਆਦਾ ਕਰਦੇ ਫਿਰਦੇ ਹਨ। ਜਦੋਂ ਕਿ ਕਲਯੁਗ ਵਿੱਚ ਅਜਿਹੇ ਲੋਕ ਵੀ ਹਨ ਜੋ ਆਪਣੇ ਜਿਗਰ ਦੇ ਟੁਕੜੇ ਨੂੰ ਇੰਜ ਸੁੱਟ ਦਿੰਦੇ ਹਨ। ਇਸ ਘਟਨਾ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਅਣਚਾਹੇ ਅਤੇ ਛੱਡੇ ਗਏ ਨਵਜੰਮੇ ਬੱਚਿਆਂ ਨੂੰ ਜੀਵਨ ਦੇਣ ਲਈ ਬਾਲ ਭਵਨ ਗੁਰਦਾਸਪੁਰ ਦੇ ਸਾਹਮਣੇ ਪੰਘੂੜਾ ਲਗਾਇਆ ਹੋਇਆ ਹੈ। ਇਸ ਦੀ ਸਥਾਪਨਾ ਪੰਗੁੜਾ ਦੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਵੱਲੋਂ ਕਿਲਕਾਰੀ ਪ੍ਰੋਜੈਕਟ ਤਹਿਤ ਕੀਤੀ ਗਈ ਸੀ। ਪਰ ਬੱਚਾ ਸੁੱਟਣ ਵਾਲਿਆਂ ਨੇ ਬੱਚੇ ਨੂੰ ਇਸ ਪੰਗੂੜੇ ਵਿੱਚ ਵੀ ਨਾ ਪਾਇਆ ਜਿਸ ਨਾਲ ਉਸ ਦੀ ਜਾਨ ਬੱਚ ਸਕਦੀ ਸੀ।
ਉੱਧਰ ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲਣ ’ਤੇ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਨੂੰ ਪਹਿਲ੍ਹਾ ਹੀ ਮ੍ਰਿਤਕ ਕਰਾਰ ਦਿੱਤਾ ਗਿਆ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਹਰ ਕੋਣ ਤੋਂ ਪਤਾ ਲਗਾਵੇਗੀ ਕਿ ਕਿਸ ਨੇ ਅਜਿਹੀ ਘਿਨਾਉਣੀ ਹਰਕਤ ਕੀਤੀ ਹੈ ਅਤੇ ਉਸ ਨੂੰ ਕੜੀ ਕਾਨੂਨੀ ਸਜਾ ਦਿੱਤੀ ਜਾਵੇਗੀ।