ਗੁਰਦਾਸਪੁਰ ਪੰਜਾਬ

ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੀ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਦੀ ਰਮਨ ਬਹਿਲ ਨੇ ਲਈ ਸਾਰ: ਔਕੜ੍ਹਾਂ ਦਾ ਹਲ ਕਰਵਾਉਣ ਲਈ ਯਤਨ ਕੀਤੇ ਸ਼ੁਰੂ

ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੀ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਦੀ ਰਮਨ ਬਹਿਲ ਨੇ ਲਈ ਸਾਰ: ਔਕੜ੍ਹਾਂ ਦਾ ਹਲ ਕਰਵਾਉਣ ਲਈ ਯਤਨ ਕੀਤੇ ਸ਼ੁਰੂ
  • PublishedNovember 25, 2023

ਇੰਡਸਟਰੀਅਲ ਅਸਟੇਟ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਉਦਯੋਗ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨਾਲ ਮੁਲਾਕਾਤ ਕੀਤੀ

ਗੁਰਦਾਸਪੁਰ ਨੂੰ ਵਿਕਾਸ ਪੱਖੋਂ ਸੂਬੇ ਦਾ ਮੋਹਰੀ ਜ਼ਿਲ੍ਹਾ ਬਣਾਉਣਾ ਮੇਰਾ ਸੁਪਨਾ – ਰਮਨ ਬਹਿਲ

ਗੁਰਦਾਸਪੁਰ, 25 ਨਵੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਗੁਰਦਾਸਪੁਰ ਦੀ ਇੱਕ ਹੋਰ ਦਹਾਕਿਆਂ ਪੁਰਾਣੀ ਸਮੱਸਿਆ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਕੇ ਲੋਕ ਆਗੂ ਹੋਣ ਦਾ ਫ਼ਰਜ਼ ਨਿਭਾਇਆ ਹੈ। ਚੇਅਰਮੈਨ ਸ੍ਰੀ ਬਹਿਲ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਹੁਣ ਗੁਰਦਾਸਪੁਰ ਦੀ ਇੰਡਸਟਰੀਅਲ ਅਸਟੇਟ ਨੂੰ ਅਪਗਰੇਡ ਕੀਤਾ ਜਾਵੇਗਾ ਤਾਂ ਜੋ ਇਥੇ ਹੋਰ ਜਿਆਦਾ ਨਿਵੇਸ਼ ਹੋ ਸਕੇ।

ਸੰਨ 1972 ਵਿੱਚ ਸਥਾਪਤ ਹੋਈ ਗੁਰਦਾਸਪੁਰ ਇੰਡਸਟਰੀਅਲ ਅਸਟੇਟ ਪਿਛਲੇ ਕਈ ਦਹਾਕਿਆਂ ਤੋਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੀ ਰਹੀ ਹੈ ਅਤੇ ਇੰਡਸਟਰੀਅਲ ਅਸਟੇਟ ਦੇ ਨੁਮਾਇੰਦਿਆਂ ਵੱਲੋਂ ਚੇਅਰਮੈਨ ਰਮਨ ਬਹਿਲ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਸੀ ਅਤੇ ਸਰਕਾਰ ਕੋਲ ਉਨ੍ਹਾਂ ਦੇ ਮਸਲਿਆਂ ਦੀ ਵਕਾਲਤ ਕਰਨ ਲਈ ਕਿਹਾ ਸੀ।

ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਸਮਝਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਇੰਡਸਟਰੀਅਲ ਅਸਟੇਟ ਦੇ ਪ੍ਰਤੀਨਿਧ ਵਫ਼ਦ ਨੂੰ ਨਾਲ ਲੈ ਕੇ ਚੰਡੀਗੜ੍ਹ ਵਿਖੇ ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਤੇਜਵੀਰ ਸਿੰਘ ਆਈ.ਏ.ਐੱਸ. ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਪ੍ਰਿੰਸੀਪਲ ਸਕੱਤਰ ਸ੍ਰੀ ਤੇਜਵੀਰ ਸਿੰਘ ਨੇ ਸਾਰੀ ਸਮੱਸਿਆ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਸ੍ਰੀ ਰਮਨ ਬਹਿਲ ਦੀ ਅਗਵਾਈ ਹੇਠ ਗਏ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਦਯੋਗ ਵਿਭਾਗ ਵੱਲੋਂ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਵਿਖੇ ਨਿਰਵਿਗਨ ਬਿਜਲੀ ਸਪਲਾਈ, ਰੋਡ, ਸੀਵਰੇਜ ਅਤੇ ਹੋਰ ਸਾਰੀਆਂ ਮੁੱਢਲੀਆਂ ਸਹੂਲਤਾਂ ਪਹਿਲ ਦੇ ਅਧਾਰ ’ਤੇ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਸਨਅਤ ਪੱਖੀ ਮਹੌਲ ਪੈਦਾ ਕਰਨ ਲਈ ਪੂਰੀ ਤਰ੍ਹਾਂ ਸੁਹਿਰਦ ਹੈ। ਉਨ੍ਹਾਂ ਕਿਹਾ ਕਿ ਜਲਦੀ ਹੈ ਗੁਰਦਾਸਪੁਰ ਇੰਡਸਟਰੀਅਲ ਅਸਟੇਟ ਦੀਆਂ ਮੁਸ਼ਲਕਾਂ ਦਾ ਹੱਲ ਕੀਤਾ ਜਾਵੇਗਾ।

ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਪੰਜਾਬ ਸਰਕਾਰ ਅਤੇ ਉਦਯੋਗ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਤੇਜਵੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੀਆਂ ਸਮੱਸਿਆਵਾਂ ਹੱਲ ਹੋਣ ਨਾਲ ਇਸ ਸਰਹੱਦੀ ਸ਼ਹਿਰ ਵਿੱਚ ਉਦਯੋਗ ਹੋਰ ਉਤਸ਼ਾਹਤ ਹੋਣਗੇ ਅਤੇ ਨਵਾਂ ਨਿਵੇਸ਼ ਵੀ ਹੋਵੇਗਾ ਜੋ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ। ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਹ ਗੁਰਦਾਸਪੁਰ ਨੂੰ ਵਿਕਾਸ ਪੱਖੋਂ ਸੂਬੇ ਦਾ ਮੋਹਰੀ ਜ਼ਿਲ੍ਹਾ ਬਣਾਉਣ ਲਈ ਵਚਨਬੱਧ ਹਨ।

Written By
The Punjab Wire