Close

Recent Posts

ਗੁਰਦਾਸਪੁਰ

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਜਥੇਬੰਧਕ ਸਕੱਤਰ ਉਪਰ ਜਾਨ ਲੇਵਾ ਹਮਲਾ ਕਰਨ ਵਾਸਤੇ ਪਿਛਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਜਥੇਬੰਧਕ ਸਕੱਤਰ ਉਪਰ ਜਾਨ ਲੇਵਾ ਹਮਲਾ ਕਰਨ ਵਾਸਤੇ ਪਿਛਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
  • PublishedNovember 24, 2023

ਕੁਝ ਸਮਾਂ ਪਹਿਲਾਂ ਵੀ ਉਨ੍ਹਾਂ ਦੇ ਭਰਾ ਨੂੰ ਗੋਲੀਆਂ ਮਾਰਕੇ ਕੀਤਾ ਸੀ ਜ਼ਖ਼ਮੀ

ਗੁਰਦਾਸਪੁਰ 24 ਨਵੰਬਰ 2023 (ਦੀ ਪੰਜਾਬ ਵਾਇਰ)। ਪਿਛਲੇ 3 ਨਵੰਬਰ ਨੂੰ ਜਾਨਲੇਵਾ ਹਮਲਾ ਕਰਨ ਦੀ ਮਨਸ਼ਾ ਨਾਲ ਇੱਕ ਗੁੰਡਾ ਕਿਸਮ ਦੇ ਅਨਸਰ ਨੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੁਬਾ ਜਥੇਬੰਦਕ ਸਕੱਤਰ ਨਰਭਿੰਦਰ ਦਾ ਝਬਾਲ ਤੋਂ ਭਿੱਖੀਵਿੰਡ ਅਤੇ ਫਿਰ ਅੱਗੇ ਪੱਧਰੀ ਕਲਾਂ ਤੱਕ ਕਾਰ ਨਾਲ ਪਿੱਛਾ ਕਰਨ ਦੀ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਤਰਨਤਾਰਨ ਪ੍ਸਾਸ਼ਨ ਤੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ ਜਰਨਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਗੁੰਡਾ ਅਨਸਰਾਂ ਵੱਲੋਂ ਇਸ ਕਾਰਵਾਈ ਦੀ ਕੜੀ ਸਤੰਬਰ ਵਿੱਚ ਨਰਭਿੰਦਰ ਦੇ ਭਰਾ ਸਲਵਿੰਦਰ ਵਾਸੀ ਪੱਧਰੀ ਕਲਾਂ ਜਿਲਾ ਤਰਨਤਾਰਨ ਉਪਰ ਹੋਏ ਕਾਤਲਾਨਾ ਹਮਲੇ ਨਾਲ ਜੁੜਦੀ ਹੈ। ਜਿਸ ਵਿੱਚ ਸਲਵਿੰਦਰ ਉਪਰ ਇਹਨਾਂ ਹੀ ਅਨਸਰਾਂ ਨੇ ਗੋਲੀਆਂ ਮਾਰੀਆਂ ਜਿਹਨਾਂ ਵਿੱਚ ਉਹ ਗੰਭੀਰ ਜਖਮੀ ਹੋ ਗਿਆ ਸੀ। ਗੋਲੀਆਂ ਛਾਤੀ ਅਤੇ ਰੀੜ ਦੀ ਹੱਡੀ ਵਿੱਚ ਲੱਗੀਆਂ ਸਨ। ਰੀੜ ਦੀ ਹੱਡੀ ਵਾਲੀ ਗੋਲੀ ਨਾਲ ਉਸਦੀ ਖੱਬੀ ਲੱਤ ਸੁੰਨ ਚੱਲ ਰਹੀ ਹੈ। ਨਰਭਿੰਦਰ ਨੇ ਉਸਦੇ ਫੌਰੀ ਇਲਾਜ ਦੀ ਮੱਦਦ ਕੀਤੀ ਅਤੇ ਐਫਆਈ ਦਰਜ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।

13 ਸਤੰਬਰ 2023 ਦੀ ਘਟਨਾ ਦੇ ਬਾਅਦ ਵੀ ਪੁਲਸ ਨੇ ਹੁਣ ਤੱਕ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਅਤੇ ਨਰਭਿੰਦਰ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਲਗਾਰਤਾਰ ਪੁਲਸ ਪ੍ਰਸ਼ਾਸ਼ਨ ਕੋਲ ਮੁਜਰਮਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਸਰਗਰਮੀ ਕਰ ਰਿਹਾ ਹੈ।

ਇਹ ਵਰਨਣਯੋਗ ਹੈ ਕਿ ਸਲਵਿੰਦਰ ਨੇ ਸੂਚਨਾ ਅਧਿਕਾਰ ਕਾਨੂੰਨ ਤਹਿਤ ਇੱਕਤਰ ਕੀਤੀ ਜਾਣਕਾਰੀ ਤਹਿਤ ਪਿੰਡ ਦੀ ਪੰਚਾਇਤ ਵੱਲੋਂ 93 ਲੱਖ ਦੀ ਗ੍ਰਾਂਟ ਦੇ ਘਪਲੇ ਦੀ ਜਾਚ ਹਾਈਕੋਰਟ ਦੇ ਨਿਰਦੇਸ਼ਾਂ ਤਹਿਤ ਡਾਇਰੈਕਟਰ ਪੰਚਾਇਤ ਤੋ ਪੜਤਾਲ ਕਰਾਉਣ ਵਿੱਚ ਯੋਗਦਾਨ ਪਾਇਆ ਹੈ। ਇਲਾਕੇ ਦੇ ਆਪ ਸਰਕਾਰ ਦੇ ਮੰਤਰੀ ਦੀ ਸ਼ਹਿ ਤੇ ਨਾ ਤਾਂ ਡਾਇਰੈਕਟਰ ਪੰਚਾਇਤ ਵਿਭਾਗ, ਨਾਂ ਹੀ ਪੁਲਿਸ ਵਿਭਾਗ ਵੱਲੋਂ ਕੋਈ ਕਾਰਵਾਈ ਕੀਤੀ ਹੈ। ਪਿੰਡ ਵਿੱਚ ਗੁੰਡਾ ਗਰਦੀਆਂ ਦੀਆਂ ਅਨੇਕਾਂ ਘਟਨਾਵਾਂ ਹੋਈਆਂ ਹਨ ਜਿਹਨਾਂ ਦੀ ਪਿਠ ’ਤੇ ਇਲਾਕੇ ਦੇ ਜਾਣੇ ਪਹਿਚਾਣੇ ਸਮਾਜ ਵਿਰੋਧੀ ਅਨਸਰਾਂ ਦੀ ਭੂਮਿਕਾ ਦੱਸੀ ਜਾ ਰਹੀ ਹੈ।

ਜਮਹੂਰੀ ਅਧਿਕਾਰ ਸਭਾ ਵੱਲੋਂ ਜਥੇਬੰਧਕ ਸਕੱਤਰ ਨਰਭਿੰਦਰ ਅਤੇ ਉਨ੍ਹਾਂ ਦੇ ਭਰਾ ਸਲਵਿੰਦਰ ਸਿੰਘ ਉਪਰ ਕਾਤਲਾਨਾ ਹਮਲਾ ਕਰਨ ਵਾਲੇ ਅਨਸਰਾਂ ਖਿਲਾਫ਼ ਕਾਰਵਾਈ ਕਰਵਾਉਣ ਲਈ ਇਸ ਕਾਰਜ ਨੂੰ ਪਹਿਲ ਦੇ ਆਧਾਰ ਤੇ ਲੈਂਦਿਆਂ ਹੋਇਆਂ ਸੂਬਾ ਪੱਧਰੀ ਵਫ਼ਦ ਉਨ੍ਹਾਂ ਦੇ ਪਿੰਡ ਭੇਜਿਆ ਹੈ ਜਿਸ ਵਿਚ ਸੂਬਾ ਸਕੱਤਰ ਪ੍ਰਿਤਪਾਲ ਸਿੰਘ, ਪ੍ਰੋਫੈਸਰ ਪਰਮਿੰਦਰ ਸਿੰਘ, ਸੀਨੀਅਰ ਐਡਵੋਕੇਟ ਐਨ ਕੇ ਜੀਤ ਯਸ਼ਪਾਲ ਸਿੰਘ ਝਬਾਲ ਅਤੇ ਦਰਸ਼ਨ ਸਿੰਘ ਤੂਰਸ਼ਾਮਲ ਸਨ ।

ਉਨ੍ਹਾਂ ਸਾਰੀ ਘਟਨਾ ਦੇ ਵੇਰਵੇ ਇਕੱਤਰ ਕਰਕੇ ਦੱਸਿਆ ਹੈ ਕਿ ਇਸ ਸਾਰੇ ਮਾਮਲੇ ਵਿੱਚ ਅਧਿਕਾਰੀਆਂ ਦੀ ਗੰਭੀਰ ਕੁਤਾਹੀ ਅਤੇ ਸ਼ਹਿ ਕਾਰਨ, ਅਜਿਹੇ ਅਨਸਰਾਂ ਵੱਲੋਂ ਸਲਵਿੰਦਰ ਦੇ ਹਮਾਇਤੀਆਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਤੇ ਸਭਾ ਆਗੂਆਂ ਦੀ ਜਾਨ ਦੇ ਖਤਰੇ ਦਾ ਨੋਟਿਸ ਲੈਂਦਿਆਂ ਸੂਬਾ ਕਮੇਟੀ ਨੇ ਇਹ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਆਉਣ ਵਾਲੇ ਦਿਨਾਂ ਵਿੱਚ ਜਨਤਕ ਜੱਥੇਬੰਦੀਆਂ ਦਾ ਇੱਕ ਵਫਦ ਉਚ ਅਧਿਕਾਰੀਆਂ ਨੂੰ ਮਿਲ ਕੇ ਅਜਿਹੇ ਅਨਸਰਾ ਵਿਰੁੱਧ ਕਾਰਵਾਈ ਦੀ ਮੰਗ ਕਰੇਗਾ ਦੇ ਕੋਈ ਕਾਰਵਾਈ ਨਾ ਹੋਈ ਤਾਂ ਅਗਲਾ ਸੰਘਰਸ਼ ਉਲੀਕਿਆ ਜਾਵੇਗਾ।

Written By
The Punjab Wire