ਗੁਰਦਾਸਪੁਰ ਪੰਜਾਬ

ਚੇਅਰਮੈਨ ਰਮਨ ਬਹਿਲ ਨੇ ਜੱਚਾ-ਬੱਚਾ ਵਾਰਡ ਦੇ ਕੰਮ ਨੂੰ ਦੁਬਾਰਾ ਸ਼ੁਰੂ ਕਰਵਾ ਕੇ ਇੱਕ ਹੋਰ ਲੋਕ ਪੱਖੀ ਕਾਰਜ ਕੀਤਾ

ਚੇਅਰਮੈਨ ਰਮਨ ਬਹਿਲ ਨੇ ਜੱਚਾ-ਬੱਚਾ ਵਾਰਡ ਦੇ ਕੰਮ ਨੂੰ ਦੁਬਾਰਾ ਸ਼ੁਰੂ ਕਰਵਾ ਕੇ ਇੱਕ ਹੋਰ ਲੋਕ ਪੱਖੀ ਕਾਰਜ ਕੀਤਾ
  • PublishedNovember 22, 2023

ਪੰਜਾਬ ਸਰਕਾਰ ਵੱਲੋਂ ਜੱਚਾ-ਬੱਚਾ ਵਾਰਡ ਬਣਾਉਣ ਲਈ ਖਰਚੇ ਜਾਣਗੇ 9.91 ਕਰੋੜ ਰੁਪਏ

ਜੱਚਾ-ਬੱਚਾ ਵਾਰਡ ਬਣਨ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕਾਂ ਨੂੰ ਮਿਲੇਗੀ ਵੱਡੀ ਸਹੂਲਤ – ਰਮਨ ਬਹਿਲ

ਗੁਰਦਾਸਪੁਰ, 22 ਨਵੰਬਰ 2023 (ਦੀ ਪੰਜਾਬ ਵਾਇਰ )। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਗੁਰਦਾਸਪੁਰ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਦੇ ਉਦੇਸ਼ ਨਾਲ ਪਿਛਲੇ ਲੰਮੇ ਸਮੇਂ ਤੋਂ ਜ਼ਿਲ੍ਹਾ ਹਸਪਤਾਲ ਬੱਬਰੀ (ਗੁਰਦਾਸਪੁਰ) ਵਿਖੇ ਬਣ ਰਹੇ ਜੱਚਾ-ਬੱਚਾ ਵਾਰਡ ਦੇ ਬੰਦ ਪਏ ਕੰਮ ਨੂੰ ਮੁੜ ਸ਼ੁਰੂ ਕਰਵਾ ਕੇ ਇੱਕ ਹੋਰ ਮਾਅਰਕਾ ਮਾਰਿਆ ਹੈ। ਪੰਜਾਬ ਸਰਕਾਰ ਵੱਲੋਂ ਇਹ ਜੱਚਾ-ਬੱਚਾ ਵਾਰਡ ਬਣਾਉਣ ਲਈ 9.91 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ।

ਚੇਅਰਮੈਨ ਸ੍ਰੀ ਰਮਨ ਬਹਿਲ ਜੱਚਾ-ਬੱਚਾ ਵਾਰਡ ਦੇ ਲੰਮੇ ਸਮੇਂ ਤੋਂ ਬੰਦ ਪਏ ਕੰਮ ਨੂੰ ਸ਼ੁਰੂ ਕਰਵਾਉਣ ਲਈ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਵੱਲੋਂ ਇਸ ਵਕਾਰੀ ਪ੍ਰੋਜੈਕਟ ਨੂੰ ਜਲਦ ਨੇਪਰੇ ਚਾੜਨ ਲਈ ਅਰਦਾਸ ਕਰਵਾ ਕੇ ਕੰਮ ਨੂੰ ਸ਼ੁਰੂ ਕਰਵਾਇਆ ਗਿਆ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜੱਚਾ-ਬੱਚਾ ਵਾਰਡ ਫਰਵਰੀ 2025 ਵਿੱਚ ਮੁਕੰਮਲ ਹੋ ਜਾਵੇਗਾ ਅਤੇ ਇਸਦੇ ਮੁਕੰਮਲ ਹੋਣ ਨਾਲ ਪੂਰੇ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ।

ਚੇਅਰਮੈਨ ਸ੍ਰੀ ਬਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 9.91 ਕਰੋੜ ਰੁਪਏ ਖਰਚ ਕਰਕੇ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਇਹ ਜੱਚਾ-ਬੱਚਾ ਵਾਰਡ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਧਿਆਨ ਨਾ ਦੇਣ ਕਾਰਨ ਇਸ ਪ੍ਰੋਜੈਕਟ ਦਾ ਕੰਮ ਬੰਦ ਹੋ ਗਿਆ ਸੀ। ਚੇਅਰਮੈਨ ਸ੍ਰੀ ਬਹਿਲ ਨੇ ਕਿਹਾ ਕਿ ਇਲਾਕੇ ਦੀਆਂ ਸਿਹਤ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਕੇ ਇਸ ਪ੍ਰੋਜੈਕਟ ਦੀ ਦੁਬਾਰਾ ਟੈਂਡਰਿੰਗ ਕਰਵਾ ਕੇ ਇਸ ਨੂੰ ਮੁੜ ਸ਼ੁਰੂ ਕਰਵਾਇਆ ਹੈ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਤਿੰਨ ਮੰਜ਼ਿਲਾ ਇਸ ਜੱਚਾ ਬੱਚਾ ਵਾਰਡ ਵਿੱਚ ਓ.ਪੀ.ਡੀ. ਰੂਮ, ਓਪਰੇਸ਼ਨ ਥੀਏਟਰ, ਡਾਕਟਰ ਰੂਮ, ਸੇਪਟਿਕ ਵਾਰਡ, ਏ-ਸੇਪਟਿਕ ਵਾਰਡ, ਰਿਕਵਰੀ ਰੂਮ, ਬੇਬੀ ਫੀਡਿੰਗ ਰੂਮ, ਲੇਬਰ ਰੂਮ, ਪ੍ਰਾਇਵੇਟ ਰੂਮ, ਨਰਸਿੰਗ ਸਟੇਸ਼ਨ, ਆਸ਼ਾ ਵਰਕਰ ਰੂਮ, ਫੈਮਲੀ ਪਲੈਨਿੰਗ ਰੂਮ, ਲੈਬ, ਈ.ਸੀ.ਜੀ, ਅਲਟਰਾਸਾਊਂਡ, ਵੇਟਿੰਗ ਏਰੀਆ, ਸਟਾਫ ਰੂਮ, ਬਾਥਰੂਮ, ਲਿਫਟ ਤੋਂ ਇਲਾਵਾ ਹੋਰ ਵੀ ਸਹੂਲਤਾਂ ਉਪਲੱਬਧ ਹੋਣਗੀਆਂ।

ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚੋਂ ਇੱਕ ਗੁਰਦਾਸਪੁਰ ਵਿਖੇ ਇਸ ਜੱਚਾ-ਬੱਚਾ ਵਾਰਡ ਦਾ ਬਣਨਾ ਹੈ। ਸਰਕਾਰੀ ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਦੇ ਨਾਲ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਰਾਹੀਂ ਮਿਲ ਰਹੀਆਂ ਸਿਹਤ ਸਹੂਲਤਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਮਿਲੀ ਹੈ। ਸ੍ਰੀ ਬਹਿਲ ਨੇ ਕਿਹਾ ਕਿ ਜਲਦੀ ਹੀ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਸੂਬਾ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੋਵੇਗਾ।

ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ, ਡਾ. ਰੋਮੀ ਰਾਜਾ, ਡਾ. ਤਜਿੰਦਰ ਕੌਰ, ਡਾ. ਸਵਿਤਾ, ਡਾ. ਰਾਜ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਐਕਸੀਅਨ ਸ. ਸੁਖਵਿੰਦਰ ਸਿੰਘ, ਐੱਸ.ਡੀ.ਓ. ਸੁਨੀਲ ਰਾਣਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire