ਸਾਬਕਾ ਮੰਤਰੀ ਮਰਹੂਮ ਖੁਸ਼ਹਾਲ ਬਹਿਲ ਦੇ 96ਵੇਂ ਜਨਮਦਿਨ ਮੌਕੇ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ
ਡਿਪਟੀ ਕਮਿਸ਼ਨਰ ਸਮੇਤ ਕਈ ਸਖਸ਼ੀਅਤਾਂ ਨੇ ਕੀਤੀ ਸ਼ਮੂਲੀਅਤ
ਗੁਰਦਾਸਪੁਰ, 11 ਨਵੰਬਰ 2023 (ਦੀ ਪੰਜਾਬ ਵਾਇਰ)।ਪੰਜਾਬ ਦੇ ਸਾਫ ਸੁਥਰੇ ਅਕਸ ਵਾਲੇ ਉੱਘੇ ਸਿਆਸਤਦਾਨ ਅਤੇ ਸਾਬਕਾ ਕੈਬਿਨੇਟ ਮੰਤਰੀ ਸਵਰਗੀ ਖੁਸ਼ਹਾਲ ਬਹਿਲ ਦੇ 96ਵੇਂ ਜਨਮਦਿਨ ਮੌਕੇ ਅੱਜ ਗੁਰਦਾਸਪੁਰ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀ ਅਗਵਾਈ ਹੇਠ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਵਿੱਚ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੇ ਮੁੱਖ ਮਹਿਮਾਨ ਵੱਜੋਂ ਪਹੁੰਚ ਕੇ ਜਿਥੇ ਕੈਂਪ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ ਉਸ ਦੇ ਨਾਲ ਹੀ ਸਵਰਗੀ ਖੁਸ਼ਹਾਲ ਬਹਿਲ ਦੀ ਤਸਵੀਰ ਸਾਹਮਣੇ ਸ਼ਰਧਾ ਦੇ ਫੁੱਲ ਅਰਪਿਤ ਕਰਕੇ ਉਨਾਂ ਨੂੰ ਨਿੱਘੀ ਸ਼ਰਧਾਂਜਲੀ ਵੀ ਦਿੱਤੀ। ਇਸ ਖੂਨਦਾਨ ਕੈਂਪ ਦੌਰਾਨ ਜਿਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਅਤੇ ਖੂਨਦਾਨੀਆਂ ਨੇ ਸ਼ਿਰਕਤ ਕੀਤੀ ਉਸਦੇ ਨਾਲ ਹੀ ਗੁਰਦਾਸਪੁਰ ਸ਼ਹਿਰ ਅਤੇ ਸਮੁੱਚੇ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਉੱਘੇ ਪਤਵੰਤੇ ਸੱਜਣਾਂ ਅਤੇ ਬੁੱਧੀਜੀਵੀਆਂ ਨੇ ਵੀ ਕੈਂਪ ਵਿੱਚ ਪਹੁੰਚ ਕੇ ਸਵ. ਖੁਸ਼ਹਾਲ ਬਹਿਲ ਨਾਲ ਜੁੜੀਆਂ ਯਾਦਾਂ ਤਾਜੀਆਂ ਕੀਤੀਆਂ ਅਤੇ ਉਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਚੇਅਰਮੈਨ ਰਮਨ ਬਹਿਲ ਨੇ ਸਵ. ਖੁਸ਼ਹਾਲ ਬਹਿਲ ਦੇ ਜੀਵਨ ਨਾਲ ਜੁੜੇ ਅਹਿਮ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਸਵ. ਖੁਸ਼ਹਾਲ ਬਹਿਲ ਨੇ ਇੱਕ ਸਾਫ ਸੁਥਰੀ ਅਤੇ ਨਿੱਜੀ ਹਿੱਤਾਂ ਤੋਂ ਉਪਰ ਉੱਠ ਕੇ ਰਾਜਨੀਤੀ ਕੀਤੀ ਹੈ, ਪਰ ਅਜੋਕੇ ਦੌਰ ਦੀ ਰਾਜਨੀਤੀ ਵਿੱਚ ਵੱਡਾ ਨਿਗਾਰ ਆਇਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੇ ਸਵਰਗੀ ਬਹਿਲ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਅਤੇ ਹਲਕੇ ਦੀ ਭਲਾਈ ਲਈ ਅਹਿਮ ਯੋਗਦਾਨ ਪਾ ਰਹੇ ਹਨ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ ਪਤਵੰਤਿਆਂ ਅਤੇ ਸਵਰਗੀ ਬਹਿਲ ਦੇ ਨਾਲ ਲੋਕ ਸੇਵਾ ਵਿੱਚ ਜੁੱਟੇ ਕਈ ਬਜੁਰਗਾਂ ਨੇ ਕਿਹਾ ਕਿ ਸਵ. ਬਹਿਲ ਵਰਗੇ ਇਮਾਨਦਾਰ ਨੇਤਾ ਦੀ ਕੋਈ ਹੋਰ ਉਦਹਾਰਣ ਲੱਭਣੀ ਬਹੁਤ ਮੁਸ਼ਕਿਲ ਹੈ।
ਉਨਾਂ ਕਿਹਾ ਕਿ ਸਵ. ਬਹਿਲ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਉਨਾਂ ਦੇ ਸਪੁੱਤਰ ਚੇਅਰਮੈਨ ਰਮਨ ਬਹਿਲ ਵੀ ਲੋਕਾਂ ਦੀ ਸੇਵਾ ਵਿੱਚ ਜੁੱਟੇ ਹੋਏ ਹਨ। ਜਿੰਨਾਂ ਵਿੱਚੋਂ ਬਿਨਾਂ ਕਿਸੇ ਲਾਲਚ ਅਤੇ ਕਿਸੇ ਵੀ ਤਰਾਂ ਦਾ ਸਿਆਸੀ ਪੱਖ ਪੱਤ ਕੀਤੇ ਬਗੈਰ ਹਲਕੇ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਬੱਲਡ ਡੌਨਰ ਸੋਸਾਇਟੀ, ਸਮਾਜਿਕ ਗਤੀਵਿਧੀਆ ਸੇਵਾ ਸੁਸਾਇਟੀ, ਰੋਟਰੀ ਕਲੱਬ, ਸਰਦਾਰ ਬੇਅੰਤ ਸਿੰਘ ਸਟੇਟ ਯੂਨਿਵਰਸਿਟੀ, ਸਮੇਤ ਹੋਰ ਜਥੇਬੰਦੀਆਂ ਦੇ 100 ਤੋਂ ਜਿਆਦਾ ਖੂਨਦਾਨੀਆਂ ਨੇ ਖੂਨਦਾਨ ਕਰਨ ਲਈ ਰਜਿਸਟਰੇਸ਼ਨ ਕਰਵਾਈ ਜਦੋਂ ਕਿ ਬਲੱਡ ਬੈਂਕ ਦੀ ਸਮਰੱਥਾ ਅਨੁਸਾਰ ਇਸ ਮੌਕੇ 50 ਖੂਨਦਾਨੀਆਂ ਨੇ ਖੂਨ ਦਾਨ ਕੀਤਾ।
ਇਸ ਮੌਕੇ ਚੇਅਰਮੈਨ ਰਮਨ ਬਹਿਲ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਖੂਨਦਾਰ ਕਰਨ ਵਾਲੇ ਸਮੂਹ ਖੂਨਦਾਨੀਆਂ ਅਤੇ ਪ੍ਰਬੰਧਕਾਂ ਤੋਂ ਇਲਾਵਾ ਹੋਰ ਪਤਵੰਤਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਕੇਸ਼ਵ ਬਹਿਲ, ਸਿਵਲ ਸਰਜਨ ਡਾ ਹਰਭਜਨ ਰਾਮ ਮਾਂਡੀ, ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਭਾਰਤ ਭੂਸ਼ਨ ਸ਼ਰਮਾ, ਬਲੱਡ ਬੈਂਕ ਗੁਰਦਾਸਪੁਰ ਦੇ ਇੰਚਾਰਜ ਡਾ ਪੂਜਾ ਮਹੰਤ, ਸ਼ਹੀਦ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ, ਸਮਾਜਿਕ ਗਤੀਵਿਧੀਆ ਸੇਵਾ ਸੁਸਾਇਟੀ ਦੇ ਗੁਰਸ਼ਰਨਜੀਤ ਸਿੰਘ ਪੁਰੇਵਾਲ ਆਦਿ ਮੌਜੂਦ ਸਨ।