ਗੁਰਦਾਸਪੁਰ

ਪਿੰਡ ਦੌਲਤਪੁਰ ਦੇ ਨੌਜਵਾਨ ਲੇਖਕ ਹਰਮਿੰਦਰ ਸਿੰਘ ਨੇ ‘ਜ਼ਫ਼ਾਕਸ਼’ ਪੁਸਤਕ ਨਾਲ ਸਾਹਿਤ ਦੇ ਖੇਤਰ ਵਿੱਚ ਦਿੱਤੀ ਦਸਤਕ

ਪਿੰਡ ਦੌਲਤਪੁਰ ਦੇ ਨੌਜਵਾਨ ਲੇਖਕ ਹਰਮਿੰਦਰ ਸਿੰਘ ਨੇ ‘ਜ਼ਫ਼ਾਕਸ਼’ ਪੁਸਤਕ ਨਾਲ ਸਾਹਿਤ ਦੇ ਖੇਤਰ ਵਿੱਚ ਦਿੱਤੀ ਦਸਤਕ
  • PublishedNovember 9, 2023

ਜ਼ਫ਼ਾਕਸ਼ ਵਿੱਚ ਦਾਦੇ-ਪੋਤੇ ਦੇ ਰਿਸ਼ਤੇ ਦੀ ਕਹਾਣੀ ਨੂੰ ਕੀਤਾ ਗਿਆ ਹੈ ਬਿਆਨ

ਬਟਾਲਾ, 9 ਨਵੰਬਰ 2023( ਦੀ ਪੰਜਾਬ ਵਾਇਰ)। ਬਟਾਲਾ ਦੇ ਨਜ਼ਦੀਕੀ ਪਿੰਡ ਦੌਲਤਪੁਰ ਦੇ ਨੌਜਵਾਨ ਲੇਖਕ ਹਰਮਿੰਦਰ ਸਿੰਘ ਨੇ ਆਪਣੀ ਪਹਿਲੀ ਪੁਸਤਕ ਜ਼ਫ਼ਾਕਸ਼ ਨਾਲ ਸਾਹਿਤ ਦੇ ਖੇਤਰ ਵਿੱਚ ਦਸਤਕ ਦਿੱਤੀ ਹੈ। ਇਹ ਕਿਤਾਬ ਹਰਮਿੰਦਰ ਸਿੰਘ ਨੇ ਆਪਣੇ ਦਾਦੇ ਸ. ਵਿਰਸਾ ਸਿੰਘ ਪਟਵਾਰੀ ਦੇ ਜੀਵਨ ਉੱਪਰ ਅਤੇ ਦਾਦੇ-ਪੋਤੇ ਦੇ ਰਿਸ਼ਤੇ ਦੀਆਂ ਤੰਦਾਂ ਨੂੰ ਲੈ ਕੇ ਲਿਖੀ ਹੈ। ਕਿਤਾਬ ਦਾ ਨਾਮ ‘ਜ਼ਫ਼ਾਕਸ਼’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ  ਸਖ਼ਤ ਹਾਲਾਤਾਂ ਨੂੰ ਜਰ ਲੈਣ ਵਾਲਾ ਵਿਅਕਤੀ। ਇਸ ਕਿਤਾਬ ਵਿੱਚ ਲੇਖਕ ਨੇ ਆਪਣੇ ਦਾਦੇ ਦੀ ਇਸੇ ਸਖਸ਼ੀਅਤ ਨੂੰ ਉਭਾਰਿਆ ਹੈ।

ਹਰਮਿੰਦਰ ਸਿੰਘ ਦੀ ਸਾਹਿਤ ਦੇ ਖੇਤਰ ਵਿੱਚ ਇਸ ਨਿਵੇਕਲੀ ਪੁਸਤਕ ‘ਜ਼ਫ਼ਾਕਸ਼’ ਨੂੰ ਲੇਖਕ ਦੀ ਦਾਦੀ ਸ੍ਰੀਮਤੀ ਸੁਰਿੰਦਰ ਕੌਰ ਵੱਲੋਂ ਪਿੰਡ ਦੌਲਤਪੁਰ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਨੀ ਸਮਾਗਮ ਵਿੱਚ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ, ਇੰਦਰਜੀਤ ਸਿੰਘ ਹਰਪੁਰਾ, ਲੇਖਕ ਦੇ ਪਿਤਾ ਮਨਜੀਤ ਸਿੰਘ, ਮਾਤਾ ਸਤਵਿੰਦਰ ਕੌਰ, ਕੁਲਜੀਤ ਸਿੰਘ, ਕਰਮਜੀਤ ਸਿੰਘ ਬਾਜਵਾ ਸਰਪੰਚ ਪਿੰਡ ਪੰਜਗਰਾਈਆਂ, ਬਲਵਿੰਦਰ ਸਿੰਘ ਪੰਜਗਰਾਈਆਂ, ਗੁਰਬਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਮਹਿਦੀਪ ਸਿੰਘ ਵੀ ਹਾਜ਼ਰ ਸਨ।

ਲੇਖਕ ਹਰਮਿੰਦਰ ਸਿੰਘ ਨੂੰ ਪੁਸਤਕ ਰੀਲੀਜ਼ ਦੀ ਵਧਾਈ ਦਿੰਦਿਆਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ, ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਦਾਦੇ-ਪੋਤੇ ਦੇ ਗੂੜ੍ਹੇ ਪਿਆਰ ਦੀ ਤਰਜ਼ਮਾਨੀ ਕਰਦੀ ਇਹ ਪੁਸਤਕ ਆਪਣੇ ਆਪ ਵਿੱਚ ਨਿਵੇਕਲੀ ਤੇ ਖ਼ਾਸ ਹੈ। ਉਨ੍ਹਾਂ ਕਿਹਾ ਕਿ ਪੁਸਤਕ ਦੇ ਇੱਕ ਭਾਗ ਵਿੱਚ ਜਿਥੇ ਲੇਖਕ ਹਰਮਿੰਦਰ ਸਿੰਘ ਵੱਲੋਂ ਆਪਣੇ ਦਾਦੇ ਸ. ਵਿਰਸਾ ਸਿੰਘ ਪਟਵਾਰੀ ਦੇ ਜੀਵਨ ਉੱਪਰ ਚਾਨਣਾ ਪਾਇਆ ਗਿਆ ਹੈ ਓਥੇ ਨਾਲ ਹੀ ਪੁਸਤਕ ਦੇ ਦੂਜੇ ਭਾਗ ਵਿੱਚ ਪ੍ਰੋ. ਜਗਦੀਪ ਸਿੰਘ ਤੁਲੀ ਵੱਲੋਂ ਗੁੜ ਵਾਲੇ ਚੌਲ ਸਿਰਲੇਖ ਹੇਠ ਹਰਮਿੰਦਰ ਸਿੰਘ ਦੇ ਦਾਦੇ ਦੀ ਕਹਾਣੀ ਨੂੰ ਕਾਮਿਕਸ (ਕਾਰਟੂਨਾਂ) ਰਾਹੀਂ ਪੇਸ਼ ਕੀਤਾ ਗਿਆ ਹੈ ਜੋ ਕਿ ਬੱਚਿਆਂ ਲਈ ਵੀ ਰੌਚਕਤਾ ਪੈਦਾ ਕਰਦੀ ਹੈ। ਇੰਦਰਜੀਤ ਸਿੰਘ ਨੇ ਕਿਹਾ ਕਿ ਲੇਖਕ ਹਰਮਿੰਦਰ ਸਿੰਘ ਦਾ ਇਸ ਪੁਸਤਕ ਵਿੱਚ ਅੰਦਾਜ਼-ਏ-ਬਿਆਨ ਬਹੁਤ ਵਧੀਆ ਹੈ ਅਤੇ ਆਸ ਕੀਤੀ ਜਾ ਸਕਦੀ ਹੈ ਉਹ ਭਵਿੱਖ ਵਿੱਚ ਵੀ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਵਧੀਆ ਪੁਸਤਕਾਂ ਦਾ ਖ਼ਜ਼ਾਨਾ ਪਾਵੇਗਾ।

ਇਸ ਮੌਕੇ ਲੇਖਕ ਹਰਮਿੰਦਰ ਸਿੰਘ ਨੇ ਕਿਹਾ ਕਿ ਉਸਦੀ ਬੜੇ ਸਾਲਾਂ ਤੋਂ ਇਹ ਦਿਲੀ ਖੁਆਇਸ਼ ਦੀ ਕਿ ਉਹ ਆਪਣੇ ਰੋਲ ਮਾਡਲ ਦਾਦਾ ਸ. ਵਿਰਸਾ ਸਿੰਘ ਪਟਵਾਰੀ ਦੀ ਜ਼ਿੰਦਗੀ ਨਾਲ ਜੁੜੇ ਅਹਿਮਾਂ ਪਲਾਂ, ਗੱਲਾਂ ਨੂੰ ਕਾਗਜ਼ ਦੇ ਪੰਨਿਆਂ ਉਪਰ ਉਤਾਰ ਕੇ ਪਾਠਕਾਂ ਦੇ ਸਾਹਮਣੇ ਕਰਾਂ ਅਤੇ ਉਸਨੂੰ ਬੜੀ ਤਸੱਲੀ ਤੇ ਖ਼ੁਸ਼ੀ ਹੋਈ ਹੈ ਕਿ ‘ਜ਼ਫ਼ਾਕਸ਼’ ਨਾਮ ਦੀ ਪੁਸਤਕ ਮੇਰੇ ਦਾਦਾ ਜੀ ਦੀ ਦਾਸਤਾਨ ਬਿਆਨ ਕਰੇਗੀ।

Written By
The Punjab Wire