ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਕੀਤਾ ਜਾ ਰਿਹਾ ਉਤਸ਼ਾਹਤ -ਲਾਲਜੀਤ ਭੁੱਲਰ
ਗੁਰਦਾਸਪੁਰ, 5 ਨਵੰਬਰ 2023 (ਦੀ ਪੰਜਾਬ ਵਾਇਰ)। ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਗੁਣੀਆਂ ਵਿਖੇ ਧੰਨ ਬਾਬਾ ਮਿੱਢ ਸਾਹਿਬ ਜੀ ਨੂੰ ਸਮਰਪਿਤ 28ਵਾਂ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ।
ਇਸ ਛਿੰਝ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ, ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾਂ, ਮਾਰਕਿਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਧਾਰੀਵਾਲ ਤੋਂ ਇਲਾਵਾ ਮੇਲਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਅਤੇ ਇਲਾਕੇ ਦੇ ਹੋਰ ਮੋਹਤਬਰ ਵੀ ਹਾਜ਼ਰ ਸਨ।
ਮੇਲੇ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਹੈ ਅਤੇ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਖੇਡਾਂ ਵਿੱਚ ਭਾਗ ਲਿਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੀ ਤਿਆਰੀ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਵਿਸ਼ਵ ਪੱਧਰ ’ਤੇ ਵੀ ਸਾਡੇ ਨੌਜਵਾਨ ਜਿੱਤਾਂ ਦਰਜ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਵਾਰ ਏਸੀਆਈ ਖੇਡਾਂ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਹੁਣ ਤੱਕ ਦੇ ਸਭ ਤੋਂ ਵੱਧ ਮੈਡਲ ਜਿੱਤੇ ਹਨ। ਉਨ੍ਹਾਂ ਪਿੰਡ ਗੁਣੀਆਂ ਦੇ ਵਸਨੀਕਾਂ ਨੂੰ ਛਿੰਝ ਮੇਲਾ ਕਰਵਾਉਣ ਲਈ ਮੁਬਾਰਕਬਾਦ ਦਿੱਤੀ।
ਇਸ ਮੌਕੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਬੋਪਾਰਾਏ ਤੋਂ ਕੋਟ ਸੰਤੋਖ ਰਾਏ ਤੱਕ ਸੰਪਰਕ ਸੜਕ ਨੂੰ 18 ਫੁੱਟ ਚੌੜਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਨਰੇਗਾ ਤਹਿਤ ਸੜਕ ਦੇ ਬਰਮਾਂ ਉੱਪਰ ਮਿੱਟੀ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਦੇ ਛੱਪੜ ਦੀ ਸਫਾਈ ਕੀਤੀ ਜਾਵੇਗੀ ਅਤੇ ਪਿੰਡ ਵਿੱਚ ਬਣਨ ਵਾਲੀ ਪਾਣੀ ਦੀ ਟੈਂਕੀ ਦੇ ਪ੍ਰੋਜੈਕਟ ਨੂੰ ਜਲਦ ਨੇਪਰੇ ਚਾੜਿਆ ਜਾਵੇਗਾ।
ਇਸ ਮੌਕੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਪਿੰਡ ਗੁਣੀਆਂ ਦੇ ਵਸਨੀਕਾਂ ਵੱਲੋਂ ਹਰ ਸਾਲ ਛਿੰਝ ਮੇਲਾ ਕਰਵਾ ਕੇ ਇੱਕ ਨਿਰੋਈ ਪਿਰਤ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਰੰਗਲਾ ਪੰਜਾਬ ਬਣਾਉਣ ਵਿੱਚ ਸਹਾਈ ਹੋਣਗੇ। ਇਸ ਮੌਕੇ ਉਨ੍ਹਾਂ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਛਿੰਝ ਮੇਲੇ ਦੌਰਾਨ ਭਲਵਾਨਾਂ ਦੇ ਕੁਸ਼ਤੀ ਮੁਕਾਬਲੇ ਕਰਵਾਏ ਗਏ। ਕਬੱਡੀ ਦੇ ਅੰਡਰ-16, 18 ਅਤੇ ਓਪਨ ਦੇ ਮੈਚ ਕਰਵਾਏ ਗਏ। ਬਜ਼ੁਰਗਾਂ ਦੀ ਕਬੱਡੀ ਦਾ ਸ਼ੋਅ ਮੈਚ ਅਤੇ ਰੱਸੀਕੱਸੀ ਸਮੇਤ ਹੋਰ ਵੀ ਪੇਂਡੂ ਖੇਡਾਂ ਕਰਵਾਈਆਂ ਗਈਆਂ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਕੀਤੀ ਗਈ।
ਇਸ ਮੌਕੇ ਮੇਲਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ, ਮੀਤ ਪ੍ਰਧਾਨ ਸਾਬਕਾ ਸਰਪੰਚ ਦਿਲਬਾਗ ਸਿੰਘ, ਕੈਪਟਨ ਪਲਵਿੰਦਰ ਸਿੰਘ, ਠੇਕੇਦਾਰ ਜਸਵਿੰਦਰ ਸਿੰਘ ਠੇਕੇਦਾਰ, ਸਰਬਜੀਤ ਸਿੰਘ, ਬਲਜਿੰਦਰ ਸਿੰਘ ਫੌਜੀ, ਕਾਲਾ ਮੈਬਰ, ਗੁਰਮੀਤ ਸਿੰਘ ਡੇਅਰੀ ਵਾਲਾ, ਗੁਰਮੀਤ ਸਿੰਘ ਮੈਂਬਰ ਪੰਚਾਇਤ ਤੋਂ ਇਲਾਵਾ ਇਲਾਕੇ ਦੇ ਹੋਰ ਵੀ ਮੋਹਤਬਰ ਹਾਜ਼ਰ ਸਨ।