ਡਿਪਟੀ ਕਮਿਸ਼ਨਰ ਵੱਲੋਂ ਚਿਲਡਰਨ ਹੋਮ ਦੀ ਕਰਗੁਜ਼ਾਰੀ ਦਾ ਜਾਇਜਾ
ਗੁਰਦਾਸਪੁਰ, 2 ਨਵੰਬਰ 2023 ( ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਚਿਲਡਰਨ ਹੋਮ (ਲੜਕੇ)ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚਿਲਡਰਨ ਹੋਮ ਦੀ ਕਾਰਗੁਜ਼ਾਰੀ ਦਾ ਜਾਇਜਾ ਲਿਆ ਗਿਆ। ਇਸ ਮੌਕੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨਿਰਦੇਸ਼ ਦਿੱਤੇ ਕਿ ਚਿਲਡਰਨ ਹੋਮ ਦੇ ਸਹਿਵਾਸੀ ਬੱਚਿਆਂ ਦੀ ਹਰ ਸਹੂਲਤ ਦਾ ਖਿਆਲ ਰੱਖਿਆ ਜਾਵੇ ਅਤੇ ਉਨ੍ਹਾਂ ਦੇ ਰਹਿਣ-ਸਹਿਣ ਤੇ ਪੜ੍ਹਾਈ ਵਿੱਚ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪਸ ਵਿੱਚ ਮਿਲਜੁਲ ਕੇ ਰਹਿਣ ਅਤੇ ਵੱਧ ਤੋਂ ਵੱਧ ਪੜ੍ਹਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਚਿਲਡਰਨ ਹੋਮ ਵਿੱਚ ਬੱਚਿਆਂ ਦਾ ਰਹਿਣ-ਸਹਿਣ ਅਤੇ ਪੜ੍ਹਾਈ ਪੂਰੀ ਤਰ੍ਹਾਂ ਮੁਫ਼ਤ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚਿਲਡਰਨ ਹੋਮ ਵਿੱਚ ਬੱਚਿਆਂ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਚਿਲਡਰਨ ਹੋਮ ਤੋਂ ਪੜ੍ਹਾਈ ਕਰਕੇ ਇੱਕ ਬੱਚੇ ਨੇ ਹਾਲ ਹੀ ਵਿੱਚ ਨੌਂਕਰੀ ਹਾਸਲ ਕੀਤੀ। ਇਸ ਤੋਂ ਇਲਾਵਾ ਚਿਲਡਰਨ ਹੋਮ ਦੇ 2 ਬੱਚਿਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਟੇਟ ਬਾਸਕਟਬਾਲ ਟੀਮ ਵਿੱਚ ਭਾਗ ਲੈ ਕੇ ਗੋਲਡ ਮੈਡਲ ਹਾਸਲ ਕਰਕੇ ਜ਼ਿਲ੍ਹਾ ਗੁਰਦਾਸਪੁਰ ਅਤੇ ਚਿਲਡਰਨ ਹੋਮ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਲਈ ਉਨ੍ਹਾਂ ਚਿਲਡਰਨ ਹੋਮ ਦੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਚਿਲਡਰਨ ਹੋਮ ਬਾਰੇ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਅਤੇ ਚਿਲਡਰਨ ਹੋਮ ਗੁਰਦਾਸਪੁਰ ਦੇ ਸੁਪਰੇਡੈਂਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਡਾ. ਰੋਮੀ ਰਾਜਾ ਮਹਾਜਨ ਡੀ.ਐਸ.ਸੀ, ਡੀ.ਐਸ.ਪੀ. ਪਲਵਿੰਦਰਜੀਤ ਕੌਰ, ਰਾਜੀਵ ਸਿੰਘ ਸੈਕਟਰੀ ਰੈੱਡ ਕਰਾਸ, ਚਾਂਦ ਸਿੰਘ ਠਾਕੁਰ, ਬਲਵੰਤ ਸਿੰਘ ਮੈਂਬਰ ਸੀ.ਡਬਲਿਯੂ.ਸੀ. ਅਤੇ ਚਿਲਡਰਨ ਹੋਮ ਦਾ ਸਟਾਫ ਹਾਜ਼ਰ ਸੀ।