ਵੱਖ-ਵੱਖ ਕਿੱਤਿਆਂ ਵਿੱਚ ਹੁਨਰਮੰਦ ਨੌਜਵਾਨਾਂ ਦੀ ਯੈਲੋ ਪੇਜ ਡਾਇਰੈਕਟਰੀ ਜਾਰੀ ਕੀਤੀ
ਗੁਰਦਾਸਪੁਰ, 31 ਅਕਤੂਬਰ 2023 (ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਜ਼ਿਲ੍ਹੇ ਦੇ ਵੱਖ-ਵੱਖ ਕਿੱਤਿਆਂ ਵਿੱਚ ਹੁਨਰਮੰਦ ਨੌਜਵਾਨਾਂ ਦੀ ਇੱਕ ਯੈਲੋਪੇਜ ਡਾਇਰੈਕਟਰੀ ਤਿਆਰ ਕੀਤੀ ਗਈ ਹੈ। ਇਸ ਯੈਲੋ ਪੇਜ ਡਾਇਰੈਕਟਰੀ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਰਿਲੀਜ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਹ ਯੈਲੋ ਪੇਜ ਡਾਇਰੈਕਟਰੀ ਨੂੰ ਤਿਆਰ ਕਰਨ ਦਾ ਮਕਸਦ ਜ਼ਿਲ੍ਹੇ ਦੇ ਹੁਨਰਮੰਦ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਯੈਲੋ ਪੇਜ ਡਾਇਰੈਕਟਰੀ ਵਿੱਚ ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਜ਼ਿਲ੍ਹੇ ਦੇ ਹੁਨਰਮੰਦ ਨੌਜਵਾਨਾਂ ਦੇ ਨਾਮ, ਪਤਾ ਅਤੇ ਸੰਪਰਕ ਨੰਬਰ ਦਿੱਤੇ ਗਏ ਹਨ ਤਾਂ ਜੋ ਲੋੜ ਪੈਣ ’ਤੇ ਲੋਕ ਬਣਦਾ ਮਿਹਨਤਾਨਾਂ ਦੇ ਕੇ ਏਨ੍ਹਾਂ ਨੌਜਵਾਨਾਂ ਦੀਆਂ ਸੇਵਾਵਾਂ ਲੈ ਸਕਣ। ਉਨ੍ਹਾਂ ਕਿਹਾ ਕਿ ਯੈਜੋ ਪੇਜ ਡਾਇਰੈਕਟਰੀ ਵਿੱਚ ਇਲੈਕਟ੍ਰੀਸ਼ਨ, ਇਲੈਕਟ੍ਰੋਨਿਕਸ ਟੈਕਨੀਸ਼ੀਅਨ, ਮਕੈਨਿਕ, ਪਲੰਬਰ, ਕੰਪਿਊਟਰ ਅਪਰੇਟਰ, ਫੈਸ਼ਨ ਡਿਜ਼ਾਇਨਰ, ਟੇਲਰ, ਬੁਟੀਕ, ਇਮੋਬਡਰੀ, ਮੋਟਰ ਮਕੈਨਿਕ, ਡੀਜ਼ਲ ਮਕੈਨਿਕ ਆਦਿ ਕਿੱਤਿਆਂ ਨਾਲ ਸਬੰਧਤ ਹੁਨਰਮੰਦ ਨੌਜਵਾਨਾਂ ਦੇ ਨਾਮ, ਪਤਾ ਤੇ ਸੰਪਰਕ ਨੰਬਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਕੋਈ ਵੀ ਵਿਅਕਤੀ ਇਨ੍ਹਾਂ ਨੌਜਵਾਨਾਂ ਨਾਲ ਸੰਪਰਕ ਕਰਕੇ ਇਨ੍ਹਾਂ ਦੀਆਂ ਪੇਡ ਸੇਵਾਵਾਂ ਲੈ ਸਕਦਾ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਹ ਯੈਲੋ ਪੇਜ ਡਾਇਰੈਕਟਰੀ ਜ਼ਿਲ੍ਹੇ ਦੇ ਪਬਲਿਕ ਡੀਲਿੰਗ ਦਫ਼ਤਰਾਂ ਵਿੱਚ ਰੱਖਣ ਤੋਂ ਇਲਾਵਾ ਸੋਸਲ ਮੀਡੀਆ ਉੱਪਰ ਵੀ ਅਪਲੋਡ ਕੀਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਸਦੀ ਪਹੁੰਚ ਹੋ ਸਕੇ। ਉਨ੍ਹਾਂ ਕਿਹਾ ਕਿ ਹਰ ਤਿੰਨ ਮਹੀਨੇ ਬਾਅਦ ਇਸ ਯੈਲੋ ਪੇਜ ਡਾਇਰੈਕਟਰੀ ਨੂੰ ਅਪਡੇਟ ਕੀਤਾ ਜਾਵੇਗਾ ਅਤੇ ਹੁਨਰਮੰਦ ਨੌਜਵਾਨਾਂ ਦੇ ਨਵੇਂ ਨਾਮ ਵੀ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਉਪਰਾਲਾ ਹੈ ਕਿ ਹੁਨਰਮੰਦ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮਿਲਣ ਅਤੇ ਇਸ ਨੂੰ ਧਿਆਨ ਵਿੱਚ ਰੱਖਕੇ ਇਹ ਯੈਲੋ ਪੇਜ ਡਾਇਰੈਕਟਰੀ ਤਿਆਰ ਕੀਤੀ ਗਈ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਐੱਸ.ਡੀ.ਐੱਮ. ਸ੍ਰੀ ਅਸ਼ਵਨੀ ਅਰੋੜਾ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਪਰਸ਼ੋਤਮ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਲਕਸ਼ੇ ਕੁਮਾਰ,ਪਰਮਿੰਦਰ ਸੈਣੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।