ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਦੀ ਸ਼ਹਾਦਤ ’ਤੇ ਸਾਨੂੰ ਹਮੇਸ਼ਾਂ ਮਾਣ ਰਹੇਗਾ – ਡਿਪਟੀ ਕਮਿਸ਼ਨਰ
ਗੁਰਦਾਸਪੁਰ, 28 ਅਕਤੂਬਰ 2023 (ਦੀ ਪੰਜਾਬ ਵਾਇਰ )। ਸਰਦਾਰ ਹਰੀ ਸਿੰਘ ਨਲੂਆ ਨੂੰ ਸਪਰਪਿਤ ਗੁਰਦਾਸਪੁਰ ਵਿਖੇ ਚੱਲ ਰਹੇ ਜੋਸ਼ ਉਤਸਵ ਦੌਰਾਨ ਭਾਰਤੀ ਫ਼ੌਜ ਦੇ ਬਹਾਦਰ ਜਵਾਨ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਰਿਵਾਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸ਼ਹੀਦ ਲੈਫਟੀਨੈਂਟ ਨਦੀਪ ਸਿੰਘ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ ਅਤੇ ਮਾਤਾ ਜਗਤਿੰਦਰ ਕੌਰ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਨਰੇਸ਼ ਗੋਇਲ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਸਾਬਕਾ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾ ਸ਼ਹੀਦ ਪਰਿਵਾਰ ਸੇਵਾ ਸੰਮਤੀ ਦੇ ਪ੍ਰਧਾਨ ਕੁੰਵਰ ਵਿੱਕੀ ਵੱਲੋਂ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਦੇ ਜੀਵਨ ਅਤੇ ਉਸਦੀ ਸ਼ਹਾਦਤ ਬਾਰੇ ਵੀਰ ਗਾਥਾ ਨੂੰ ਸੁਣਾਇਆ ਗਿਆ। ਸਟੇਡੀਅਮ ਵਿੱਚ ਮੌਜੂਦ ਹਾਜ਼ਰੀਨ ਨੇ ਜਦੋਂ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਦੇ ਬਹਾਦਰੀ ਭਰੇ ਕਾਰਨਾਮਿਆਂ ਬਾਰੇ ਸੁਣਿਆ ਤਾਂ ਸਾਰਿਆਂ ਦਾ ਸੀਨਾ ਫ਼ਖ਼ਰ ਨਾਲ ਚੌੜਾ ਹੋ ਗਿਆ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਾਨੂੰ ਆਪਣੇ ਇਸ ਮਹਾਨ ਸਪੂਤ ਉੱਪਰ ਹਮੇਸ਼ਾਂ ਮਾਣ ਰਹੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ।
ਜੋਸ਼ ਉਤਸਵ ਦੌਰਾਨ ਬੀ.ਐੱਸ.ਐੱਫ ਵੱਲੋਂ ਲਗਾਈ ਹਥਿਆਰਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ
ਗੁਰਦਾਸਪੁਰ, 28 ਅਕਤੂਬਰ 2023 (ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਰਦਾਰ ਹਰੀ ਸਿੰਘ ਨਲੂਆ ਜੋਸ਼ ਉਤਸਵ ਗੁਰਦਾਸਪੁਰ ਦੌਰਾਨ ਜਿਥੇ ਹੋਰ ਜੋਸ਼ ਭਰਪੂਰ ਪੇਸ਼ਕਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ ਓਥੇ ਬੀ.ਐੱਸ.ਐੱਫ. ਵੱਲੋਂ ਹਥਿਆਰਾਂ ਦੀ ਵਿਸ਼ੇਸ਼ ਨੁਮਾਇਸ਼ ਲਗਾਈ ਗਈ ਹੈ। ਇਸ ਨੁਮਾਇਸ਼ ਵਿੱਚ ਬੀ.ਐੱਸ.ਐੱਫ. ਵੱਲੋਂ ਅਤਿ-ਆਧੁਨਿਕ ਹਥਿਆਰਾਂ ਨੂੰ ਪ੍ਰਦਰਸ਼ਤ ਕੀਤਾ ਗਿਆ। ਨੌਜਵਾਨਾਂ ਵੱਲੋਂ ਬੀ.ਐੱਸ.ਐੱਫ. ਦੇ ਇਸ ਸਟਾਲ ਉੱਪਰ ਜਾ ਕੇ ਇਨ੍ਹਾਂ ਹਥਿਆਰਾਂ ਬਾਰੇ ਜਾਨਣ ਦੇ ਨਾਲ ਬੀ.ਐੱਸ.ਐੱਫ. ਵਿੱਚ ਭਰਤੀ ਹੋਣ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਜੋਸ਼ ਉਤਸਵ ਦੌਰਾਨ ਬੀ.ਐੱਸ.ਐੱਫ ਦੀ ਇਹ ਪ੍ਰਦਰਸ਼ਨੀ ਹਰ ਕਿਸੇ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।