ਗੁਰਦਾਸਪੁਰ, 17 ਕਮਿਸ਼ਨਰ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਫੂਡ ਐਂਡ ਡਰੱਗਜ਼ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਦੀਆਂ ਸਖ਼ਤ ਹਦਾਇਤਾਂ ‘ਤੇ ਫੂਡ ਅਤੇ ਡਰੱਗਜ਼ ਵਿਭਾਗ ਅੰਦਰ ਫੁਰਤੀ ਆਈ ਹੈ। ਪੰਜਾਬ ਵਿੱਚ ਛੇੜੀ ਮੁਹਿੰਮ ਦੇ ਚਲਦੇ ਅੱਜ ਜਿਲ੍ਹਾ ਗੁਰਦਾਸਪੁਰ ਅੰਦਰ ਵੀ ਸਿਵਲ ਸਰਜਨ ਗੁਰਦਾਸਪੁਰ ਡਾ: ਹਰਭਜਨ ਰਾਮ ਮੰਡੀ ਦੀ ਅਗਵਾਈ ‘ਚ ਜੈਡ.ਐਲ.ਏ ਕੁਲਵਿੰਦਰ ਸਿੰਘ ਜੱਲਾ, ਡਰੱਗਜ਼ ਕੰਟਰੋਲ ਅਫ਼ਸਰ ਬਬਲੀਨ ਕੌਰ ਨੇ ਪਿੰਡ ਬਰਿਆਰ ਵਿਖੇ ਤਿੰਨ ਮੈਡੀਕਲ ਸਟੋਰਾਂ ਅਤੇ ਹਰਦੋਛਨੀ ਰੋਡ ਤੇ ਦੋ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ।
ਬਰਿਆਰ ਕੀਤੀ ਗਈ ਚੈਕਿੰਗ ਦੌਰਾਨ ਮੋਦੀ ਮੈਡੀਕਲ ਸਟੋਰ, ਕੇ.ਆਰ.ਗਰਗ ਮੈਡੀਕਲ ਸਟੋਰ ਅਤੇ ਬੁਮਰਾਹ ਮੈਡੀਕਲ ਸਟੋਰ ਸ਼ਾਮਲ ਹਨ, ਜਿਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਤਰੁੱਟੀਆਂ ਪਾਈਆਂ ਗਈਆਂ, ਜਿਨ੍ਹਾਂ ਦੀ ਰਿਪੋਰਟ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ। ਇਸੇ ਤਰ੍ਹਾਂ ਹਰਦੋਚੰਨੀ ਰੋਡ ’ਤੇ ਬਲਦੇਵ ਮੈਡੀਕਲ ਸਟੋਰ ਦੀ ਚੈਕਿੰਗ ਕਰਨ ’ਤੇ ਉਸ ਥਾਂ ਤੇ ਕੋਈ ਯੋਗ ਵਿਅਕਤੀ ਮੌਜੂਦ ਨਹੀਂ ਮਿਲਿਆ ਅਤੇ ਉੱਥੇ ਬਿਨਾਂ ਪਰਚੀ ਤੋਂ ਦਵਾਈਆਂ ਵੇਚੀਆਂ ਜਾ ਰਹੀਆਂ ਸਨ।
ਇਸ ਤੋਂ ਇਲਾਵਾ ਹਰਦੋਚੰਨੀ ਰੋਡ ’ਤੇ ਮਠਾਰੂ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ ਗਈ ਤਾਂ 2256 ਕੈਪਸੂਲ ਜ਼ਬਤ ਕੀਤੇ ਗਏ। ਇਹਨਾਂ ਕੈਪਸੂਲਾਂ ਦੀ ਦੁਰਵਰਤੋਂ ਨਸ਼ੇ ਵਜੋਂ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਦੀ ਕੀਮਤ 66 ਹਜ਼ਾਰ ਰੁਪਏ ਬਣਦੀ ਹੈ। ਮਠਾਰੂ ਮੈਡੀਕਲ ਸਟੋਰ ਤੋਂ ਬਰਾਮਦ ਦਵਾਈਆਂ ਨੂੰ ਅਗਲੀ ਕਾਰਵਾਈ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਡਰੱਗਜ਼ ਕੰਟਰੋਲ ਅਫ਼ਸਰ ਬੱਬੀਨ ਕੌਰ ਨੇ ਗੁਰਦਾਸਪੁਰ ਦੇ ਸਮੂਹ ਕੈਮਿਸਟਾਂ ਨੂੰ ਹਦਾਇਤ ਕੀਤੀ ਕਿ ਜਿਹੜੀਆਂ ਦਵਾਈਆਂ ਨਸ਼ੇ ਵਜੋਂ ਵਰਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਬਿਨਾਂ ਬਿੱਲ ਤੋਂ ਨਾ ਤਾਂ ਖਰੀਦਿਆ ਜਾਵੇ ਅਤੇ ਨਾ ਹੀ ਡਾਕਟਰ ਦੀ ਪਰਚੀ ਤੋਂ ਬਿਨਾਂ ਵੇਚਿਆ ਜਾਵੇ। ਇਸ ਤੋਂ ਇਲਾਵਾ ਸਮੂਹ ਕੈਮਿਸਟਾਂ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਐਮਟੀਪੀ ਕਿੱਟ ਡਾਕਟਰ ਦੀ ਪਰਚੀ ਤੋਂ ਬਿਨਾਂ ਨਾ ਵੇਚੀ ਜਾਵੇ। ਜੇਕਰ ਕੋਈ ਕੈਮਿਸਟ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।