ਬੇਨਿਯਮੀਆਂ ਦੇ ਦੇਸ਼ਾ ਤਲੇ ਪਿੰਡ ਬਾਉਪੁਰ ਜੱਟਾ ਦਾ ਰਾਸ਼ਨ ਡੀਪੂ ਸਸਪੈਂਡ
ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵੱਲੋਂ ਗੁਰਦਾਸਪੁਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ
ਅਧਿਕਾਰੀਆਂ ਨੂੰ ਫੂਡ ਕਮਿਸ਼ਨ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ
ਪੰਜਾਬ ਰਾਜ ਫੂਡ ਕਮਿਸ਼ਨ ਦੇ ਹੈਲਪ ਲਾਈਨ ਨੰਬਰ 98767-64545 ਉੱਪਰ ਕੀਤਾ ਜਾ ਹੈ ਸੰਪਰਕ
ਗੁਰਦਾਸਪੁਰ, 17 ਅਕਤੂਬਰ 2023 ( ਦੀ ਪੰਜਾਬ ਵਾਇਰ )। ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਵਿਜੇ ਦੱਤ ਵੱਲੋਂ ਅੱਜ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੇ ਦਫ਼ਤਰ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਵਿਜੇ ਦੱਤ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਰਾਸ਼ਨ ਡੀਪੂਆਂ ਰਾਹੀਂ ਵੰਡੇ ਜਾਂਦੇ ਅਨਾਜ਼ ਦੀ ਮਿਕਦਾਰ ਅਤੇ ਗੁਣਵਤਾ ਨੂੰ ਯਕੀਨੀ ਬਣਾਉਣ ਤਾਂ ਜੋ ਲੋੜਵੰਦਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ। ਇਸ ਤੋਂ ਇਲਾਵਾ ਸਕੂਲਾਂ ਵਿੱਚ ਮਿਡ-ਡੇਅ-ਮੀਲ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਵੀ ਬੱਚਿਆਂ ਨੂੰ ਦਿੱਤੇ ਜਾਂਦੇ ਖਾਣੇ ਆਦਿ ਦੀ ਕੁਆਲਟੀ ਨੂੰ ਸਮੇਂ-ਸਮੇਂ ਚੈੱਕ ਕਰਦੇ ਰਹਿਣ।
ਸ੍ਰੀ ਵਿਜੇ ਦੱਤ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਰਾਸ਼ਨ ਡੀਪੂ, ਆਂਗਨਵਾੜੀ ਕੇਂਦਰਾਂ ਅਤੇ ਸਕੂਲਾਂ ਵਿੱਚ ਪੰਜਾਬ ਰਾਜ ਫੂਡ ਕਮਿਸ਼ਨ ਦੇ ਹੈਲਪ ਲਾਈਨ ਨੰਬਰ 98767-64545 ਨੂੰ ਡਿਸਪਲੇਅ ਕੀਤਾ ਜਾਵੇ ਤਾਂ ਜੋ ਲੋੜ ਪੈਣ ’ਤੇ ਫੂਡ ਕਮਿਸ਼ਨ ਕੋਲ ਸ਼ਿਕਾਇਤ ਜਾਂ ਸੰਪਰਕ ਕੀਤਾ ਜਾ ਸਕੇ। ਇਸ ਤੋਂ ਇਲਾਵਾ ਫੂਡ ਕਮਿਸ਼ਨ ਵੱਲੋਂ ਗ੍ਰਾਹਕ ਜਾਗਰੂਕਤਾ ਸਬੰਧੀ ਬਣਾਈ ਸ਼ਾਰਟ ਵੀਡੀਓ ਨੂੰ ਸਕੂਲਾਂ, ਆਂਗਨਵਾੜੀ ਕੇਂਦਰਾਂ ਅਤੇ ਪਿੰਡਾਂ ਵਿੱਚ ਦਿਖਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਹਦਾਇਤ ਕੀਤੀ ਕਿ ਆਂਗਨਵਾੜੀ ਵਰਕਰਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਉਹ ਲੋਕਾਂ ਨੂੰ ਇਨ੍ਹਾਂ ਸਕੀਮਾਂ ਤੋਂ ਜਾਣੂ ਕਰਵਾ ਕੇ ਲਾਭ ਦੇ ਸਕਣ।
ਸ੍ਰੀ ਵਿਜੇ ਦੱਤ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਾਸ਼ਨ ਕਾਰਡਾਂ ਅਤੇ ਰਾਸ਼ਨ ਡੀਪੂਆਂ ਨਾਲ ਸਬੰਧਤ ਸ਼ਿਕਾਇਤਾਂ ਨੂੰ 45 ਦਿਨਾਂ ਦੇ ਅੰਦਰ ਹੱਲ ਕੀਤਾ ਜਾਵੇ। ਫੂਡ ਕਮਿਸ਼ਨ ਨੂੰ ਪਿੰਡ ਬਾਊਪੁਰ ਜੱਟਾਂ ਦੇ ਡੀਪੂ ਹੋਲਡਰ ਜੋਗਾ ਸਿੰਘ ਦੇ ਖ਼ਿਲਾਫ ਮਿਲੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਸ੍ਰੀ ਵਿਜੇ ਦੱਤ ਨੇ ਅਧਿਕਾਰੀਆਂ ਨੂੰ ਇਸਦੀ ਜਾਂਚ 5 ਦਿਨਾਂ ਅੰਦਰ ਮੁਕੰਮਲ ਕਰਕੇ ਐਕਸ਼ਨ ਟੇਕਨ ਰੀਪੋਰਟ ਕਮਿਸ਼ਨ ਨੂੰ ਪੇਸ਼ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿੰਡ ਬਾਊਪੁਰ ਜੱਟਾਂ ਦੇ ਡੀਪੋ ਹੋਲਡਰ ਜੋਗਾ ਸਿੰਘ ਦਾ ਡੀਪੂ ਸਸਪੈਂਡ ਕੀਤਾ ਗਿਆ ਹੈ।
ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਵਿਜੇ ਦੱਤ ਨੇ ਅਧਿਕਾਰੀਆਂ ਨੂੰ ਕਿਹਾ ਕਿ ਫੂਡ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਫੂਡ ਕਮਿਸ਼ਨ ਵੱਲੋਂ ਭਵਿੱਖ ਵਿੱਚ ਫੀਲਡ ਵਿੱਚ ਅਚਨਚੇਤ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਕਿਤੇ ਕੋਈ ਖਾਮੀ ਪਾਈ ਗਈ ਤਾਂ ਸਬੰਧਤਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ. ਰਵਿੰਦਰਪਾਲ ਸਿੰਘ ਸੰਧੂ, ਡੀ.ਐੱਫ.ਐੱਸ.ਸੀ. ਸ੍ਰੀਮਤੀ ਡੇਜ਼ੀ ਖੋਸਲਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਸਕੈਂਡਰੀ ਵੀ ਹਾਜ਼ਰ ਸਨ।