ਜੋਸ਼ ਫੈਸਟੀਵਲ ਦੌਰਾਨ ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ਉੱਪਰ ਸੈਮੀਨਾਰ, ਨਾਟਕ ਤੇ ਹੋਰ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ
ਗੁਰਦਾਸਪੁਰ, 17 ਅਕਤੂਬਰ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ 25 ਤੋਂ 29 ਅਕਤੂਬਰ ਤੱਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਨੂੰ ਸਮਰਪਿਤ ਰਾਜ ਪੱਧਰੀ ‘ਜੋਸ਼ ਫੈਸਟੀਵਲ’ ਕਰਵਾਇਆ ਜਾ ਰਿਹਾ ਹੈ। ਸਰਦਾਰ ਹਰੀ ਸਿੰਘ ਨਲਵਾ ਜੋਸ਼ ਫੈਸਟੀਵਲ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 25 ਅਕਤੂਬਰ ਨੂੰ ਸ਼ਹੀਦ ਨਵਦੀਪ ਸਿੰਘ ਸਟੇਡੀਅਮ ਗੁਰਦਾਸਪੁਰ ਵਿਖੇ ਜੋਸ਼ ਫੈਸਟੀਵਲ ਦਾ ਉਦਘਾਟਨ ਹੋਵੇਗਾ ਅਤੇ 29 ਅਕਤੂਬਰ ਨੂੰ ਇਸਦਾ ਸਮਾਪਤੀ ਸਮਾਰੋਹ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜ ਰੋਜ਼ਾ ਇਸ ਜੋਸ਼ ਫੈਸਟੀਵਲ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਣਗੇ, ਜਿਨ੍ਹਾਂ ਵਿੱਚ ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ਉੱਪਰ ਸੈਮੀਨਾਰ, ਨਾਟਕ, ਪੰਜਾਬ ਦੇ ਇਤਿਹਾਸ ਨਾਲ ਸਬੰਧਤ ਕਵਿਤਾ ਮੁਕਾਬਲੇ, ਵਾਰ-ਗਾਇਨ ਮੁਕਾਬਲੇ, ਸ਼ਬਦ ਗਾਇਨ ਮੁਕਾਬਲੇ, ਕੁਇਜ ਮੁਕਾਬਲੇ, ਪੇਟਿੰਗ ਮੁਕਾਬਲੇ, ਢਾਡੀ ਗਾਇਨ, ਗਤਕਾ ਮੁਕਾਬਲੇ, ਕਬੱਡੀ, ਕੁਸ਼ਤੀ ਮੁਕਾਬਲੇ, ਘੋੜਿਆਂ ਦਾ ਪ੍ਰਦਰਸ਼ਨ, ਦੇਸ਼ ਭਗਤੀ ਲੋਕ ਗਾਇਕੀ, ਕਵੀਸ਼ਰੀ ਗਾਇਨ, ਪੰਜਾਬ ਦੇ ਲੋਕ ਨਾਚ ਦੇ ਮੁਕਾਬਲੇ, ਮਿਲਟਰੀ ਵੱਲੋਂ ਹਥਿਆਰਾਂ ਦੀ ਨੁਮਾਇਸ਼ ਅਤੇ ਜ਼ਿਲ੍ਹੇ ਦੇ ਸ਼ਹੀਦ ਹੋਏ ਫ਼ੌਜੀ ਵੀਰਾਂ ਦੀਆਂ ਬਹਾਦਰੀ ਗਥਾਵਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਦਾਰ ਹਰੀ ਸਿੰਘ ਨਲਵਾ ਜੋਸ਼ ਫੈਸਟੀਵਲ ਸਬੰਧੀ ਪੂਰੇ ਜ਼ਿਲ੍ਹੇ ਅੰਦਰ ਦੀਵਾਰਾਂ ’ਤੇ ਵੀਰ ਗਥਾਵਾਂ ’ਤੇ ਅਥਾਰਤ ਚਿੱਤਰ ਕਲਾ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਰਾਜ ਪੱਧਰੀ ‘ਜੋਸ਼ ਫੈਸਟੀਵਲ’ ਨੂੰ ਕਾਮਯਾਬ ਕਰਨ ਲਈ ਅੱਜ ਤੋਂ ਹੀ ਤਿਆਰੀਆਂ ਵਿੱਚ ਲੱਗ ਜਾਣ। ਉਨ੍ਹਾਂ ਕਿਹਾ ਕਿ ‘ਜੋਸ਼ ਫੈਸਟੀਵਲ’ ਦੌਰਾਨ ਜ਼ਿਲ੍ਹਾ ਵਾਸੀਆਂ ਖਾਸ ਕਰਕੇ ਨੌਜਵਾਨ ਪੀੜ੍ਹੀ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਈ ਜਾਵੇਗੀ ਤਾਂ ਜੋ ਸਾਰੇ ਸਰਦਾਰ ਹਰੀ ਸਿੰਘ ਨਲਵਾ ਦੇ ਬਹਾਦਰੀ ਭਰੇ ਕਾਰਨਾਮਿਆਂ ਬਾਰੇ ਜਾਣ ਸਕਣ।