ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਭਲਕੇ ਗੁਰਦਾਸਪੁਰ ਦੇ ਪਿੰਡ ਨੜਾਂਵਾਲੀ ਵਿਖੇ ਸਰਹੱਦੀ ਪਿੰਡਾ ਦੇ ਰੂਪਰੂ ਹੋਣਗੇ ਪੰਜਾਬ ਦੇ ਰਾਜਪਾਲ ਪੁਰੋਹਿਤ

ਭਲਕੇ ਗੁਰਦਾਸਪੁਰ ਦੇ ਪਿੰਡ ਨੜਾਂਵਾਲੀ ਵਿਖੇ ਸਰਹੱਦੀ ਪਿੰਡਾ ਦੇ ਰੂਪਰੂ ਹੋਣਗੇ ਪੰਜਾਬ ਦੇ ਰਾਜਪਾਲ ਪੁਰੋਹਿਤ
  • PublishedOctober 12, 2023

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਅਬਾਦ ਕੈਂਪ ਜਰੀਏ ਸਰਹੱਦੀ ਖੇਤਰ ਦੇ ਲੋਕਾਂ ਨੂੰ ਦਿੱਤਾ ਜਾਵੇਗਾ ਭਲਾਈ ਯੋਜਨਾਵਾਂ ਦਾ ਲਾਭ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਵੱਲੋਂ ਤਿਆਰੀਆਂ ਦਾ ਜਾਇਜਾ

ਗੁਰਦਾਸਪੁਰ, 12 ਅਕਤੂਬਰ 2023 ( ਦੀ ਪੰਜਾਬ ਵਾਇਰ )। ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਭਲਕੇ ਮਿਤੀ 13 ਅਕਤੂਬਰ 2023 ਨੂੰ ਕਲਾਨੌਰ ਦੇ ਨਜ਼ਦੀਕੀ ਪਿੰਡ ਨੜਾਂਵਾਲੀ ਵਿਖੇ ਸਰਹੱਦੀ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰਾਂ ਦੇ ਰੂਬਰੂ ਹੋਣਗੇ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸੀਨੀਅਰ ਹਾਈ ਸਕੂਲ ਨੜਾਂਵਾਲੀ ਵਿਖੇ ਮਿਸ਼ਨ ਅਬਾਦ ਤਹਿਤ ਵਿਸ਼ੇਸ਼ ਕੈਂਪ ਵੀ ਲਗਾਇਆ ਜਾਵੇਗਾ ਜਿਸ ਵਿੱਚ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ।

ਰਾਜਪਾਲ ਪੰਜਾਬ ਦੀ ਪਿੰਡ ਨੜਾਂਵਾਲੀ ਫੇਰੀ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਾਯਮਾ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਤਿਆਰੀਆਂ ਦਾ ਜਾਇਜਾ ਲਿਆ ਗਿਆ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਆਪਣੀ ਫੇਰੀ ਦੌਰਾਨ ਸਰਹੱਦੀ ਪਿੰਡਾਂ ਦੇ ਪੰਚਾਂ-ਸਰਪੰਚਾਂ, ਵਿਲੇਜ ਡਿਫੈਂਸ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਹੋਰ ਮੋਹਤਬਰ ਵਿਅਕਤੀਆਂ ਨਾਲ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈਣਗੇ ਅਤੇ ਨਾਲ ਹੀ ਸਰਹੱਦੀ ਲੋਕਾਂ ਨੂੰ ਦੇਸ਼ ਦੀ ਸੁਰੱਖਿਆ ਵਿੱਚ ਬੀ.ਐੱਸ.ਐੱਫ. ਤੇ ਹੋਰ ਸੁਰੱਖਿਆ ਏਜੰਸੀਆਂ ਦਾ ਸਾਥ ਦੇਣ ਲਈ ਪ੍ਰੇਰਿਤ ਕਰਨਗੇ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਗੇ ਦੱਸਿਆ ਕਿ ਮਾਣਯੋਗ ਰਾਜਪਾਲ ਦੀ ਫੇਰੀ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਰਕਾਰੀ ਹਾਈ ਸਕੂਲ਼, ਨੜਾਂਵਾਲੀ ਵਿਖੇ ਮਿਸ਼ਨ ਅਬਾਦ ਤਹਿਤ ਵਿਸ਼ੇਸ਼ ਕੈਂਪ ਵੀ ਲਗਾਇਆ ਜਾਵੇਗਾ, ਜਿਸ ਵਿੱਚ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਪਾਲ ਪੰਜਾਬ ਦੀ ਫੇਰੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।

ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਸੁਭਾਸ਼ ਚੰਦਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਰਵਿੰਦਰਪਾਲ ਸਿੰਘ, ਐੱਸ.ਡੀ.ਐੱਮ. ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਸਚਿਨ ਪਾਠਕ, ਸਿਵਲ ਸਰਜਨ ਡਾ. ਹਰਭਜਨ ਰਾਮ, ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿਲੋਂ, ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ, ਐਕਸੀਅਨ ਪੀ.ਡਬਲਿਊ.ਡੀ. ਹਰਜੋਤ ਸਿੰਘ, ਐਕਸੀਅਨ ਮੰਡੀ ਬੋਰਡ ਬਲਦੇਵ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire