ਅਪਰਾਧ ਵਿੱਚ ਵਾਧਾ ਜੁਰਮ ਨਾ ਕਰਨ ਦੇ ਬਦਲੇ ਮੰਗ ਰਿਹਾ ਸੀ ਰਿਸ਼ਵਤ
ਹੁਸ਼ਿਆਰਪੁਰ, 11 ਅਕਤੂਬਰ 2023 (ਦੀ ਪੰਜਾਬ ਵਾਇਰ)। ਵਿਜਿਲੈਂਸ ਬਿਓਰੋ ਵੱਲੋਂ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਥਾਣਾ ਤਲਵਾੜਾ ਵਿੱਚ ਤਾਇਨਾਤ ਇੰਸਪੈਕਟਰ ਕੇਵਲ ਕ੍ਰਿਸ਼ਨ ਨੂੰ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਸ਼ਿਕਾਇਤਕਰਤਾ ਜਗਪਾਲ ਸਿੰਘ ਪੁੱਤਰ ਸ੍ਰੀ ਪ੍ਰੀਤਮ ਸਿੰਘ ਵਾਸੀ ਪਿੰਡ ਰਾਮ ਨੰਗਲ, ਥਾਣਾ ਤਲਵਾੜਾ ਤਹਿ ਮੁਕੇਰੀਆ ਜਿਲ੍ਹਾ ਹੁਸ਼ਿਆਰਪੁਰ ਦੀ ਸ਼ਿਕਾਇਤ ਤੇ ਕੀਤੀ ਗਈ ਹੈ।
ਇਸ ਸਬੰਧੀ ਵਿਸਤਰਿਤ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ “ਸਿਕਾਇਤਕਰਤਾ ਜਗਪਾਲ ਸਿੰਘ ਮੇਹਨਤ ਮਜਦੂਰੀ ਕਰਦਾ ਹੈ। ਮਿਤੀ 15.03.2023 ਨੂੰ ਪਿੰਡ ਰਾਮ ਨੰਗਲ ਵਿਖੇ ਸਿਕਾਇਤਕਰਤਾ ਨਾਲ ਉਸਦੇ ਭਰਾ ਦਿਲਬਾਗ ਸਿੰਘ, ਭਤੀਜੇ ਅਜੈਪਾਲ ਪੁੱਤਰ ਜਸਪਾਲ ਸਿੰਘ ਅਤੇ ਭਰਜਾਈ ਸਤੋਸ਼ ਕੁਮਾਰੀ ਪਤਨੀ ਜਸਪਾਲ ਸਿੰਘ ਵਾਸੀਆਨ ਰਾਮ ਨੰਗਲ ਵੱਲੋਂ ਉਨ੍ਹਾਂ ਨਾਲ ਲੜਾਈ ਝਗੜਾ ਕੀਤਾ ਗਿਆ ਸੀ। ਇਸ ਝਗੜੇ ਸਬੰਧੀ ਸ਼ਿਕਾਇਤਕਰਤਾ ਦੇ ਬਿਆਨ ਤੇ ਉਸਦੇ ਭਰਾ ਦਿਲਬਾਗ ਸਿੰਘ, ਭਤੀਜੇ ਅਜੈਪਾਲ ਅਤੇ ਭਰਜਾਈ ਸੰਤੋਸ਼ ਕੁਮਾਰੀ ਦੇ ਖਿਲਾਫ ਮੁਕੱਦਮਾ ਨੰਬਰ 22 ਮਿਤੀ 18.03.2023 ਨੂੰ 354,341,323,509,506,34 ਆਈ.ਪੀ.ਸੀ ਥਾਣਾ ਤਲਵਾੜਾ ਵਿਖੇ ਦਰਜ ਰਜਿਸਟਰ ਹੋਇਆ ਸੀ। ਉਧਰ ਉਸਦੇ ਭਰਾ ਦਿਲਬਾਗ ਸਿੰਘ ਦੇ ਬਿਆਨ ਤੇ ਸ਼ਿਕਾਇਤਕਰਤਾ, ਉਸਦੀ ਪਤਨੀ ਅਤੇ ਲੜਕੀ ਦੇ ਖਿਲਾਫ ਅ/ਧ 341,323,34 ਆਈ.ਪੀ.ਸੀ ਥਾਣਾ ਤਲਵਾੜਾ ਵਿਖੇ ਕਰਾਸ ਕੇਸ ਦਰਜ ਹੋਇਆ ਸੀ।
ਇਸ ਕੇਸ ਦੀ ਤਫਤੀਸ਼ ਦੋਸ਼ੀ ਇੰਸਪੈਕਟਰ ਕੇਵਲ ਕ੍ਰਿਸ਼ਨ ਵੱਲੋਂ ਕੀਤੀ ਜਾ ਰਹੀ ਸੀ। ਇਸ ਕੇਸ ਵਿੱਚ ਉਹਨਾਂ ਦੀ ਮਿਤੀ 24.08.2023 ਨੂੰ ਗ੍ਰਿਫਤਾਰੀ ਕਰਕੇ ਬਰ ਜਮਾਨਤ ਰਿਹਾਅ ਕੀਤਾ ਜਾ ਚੁੱਕਾ ਸੀ। ਇਸ ਮੁਕੱਦਮੇ ਦੇ ਤਫਤੀਸ਼ੀ ਅਫਸਰ ਇੰਸਪੈਕਟਰ ਕੇਵਲ ਕ੍ਰਿਸ਼ਨ ਵੱਲੋਂ ਸਿਕਾਇਤਕਰਤਾ ਨੂੰ ਕਿਹਾ ਗਿਆ ਕਿ ਦਿਲਬਾਗ ਸਿੰਘ ਦੇ ਲੱਗੀ ਸੱਟ ਰਿਪੋਰਟ ਗਰੀਵੀਅਸ ਆ ਚੁੱਕੀ ਹੈ ਅਤੇ ਇਸ ਕੇਸ ਵਿੱਚ ਸ਼ਿਕਾਇਤਕਰਤਾ ਧਿਰ ਦੇ ਖਿਲਾਫ ਵਾਧਾ ਜੁਰਮ ਨਾ ਕਰਨ ਦੀ ਇਵਜ ਵਿੱਚ ਦੋਸ਼ੀ ਇੰਸਪੈਕਟਰ ਕੇਵਲ ਕ੍ਰਿਸ਼ਨ ਥਾਣਾ ਤਲਵਾੜਾ, ਜ਼ਿਲ੍ਹਾ ਹੁਸ਼ਿਆਰਪੁਰ ਸ਼ਿਕਾਇਤਰਕਤਾ ਪਾਸੋਂ 40,000/- ਦੀ ਮੰਗ ਕਰ ਰਿਹਾ ਸੀ।
ਸ਼ਿਕਾਇਤਕਰਤਾ ਵੱਲੋਂ ਇਸ ਬਾਰੇ ਵਿਜੀਲੈਂਸ ਬਿਊਰੋ ਪਾਸ ਆ ਕੇ ਸ਼ਿਕਾਇਤ ਕਰ ਦਿੱਤੀ ਗਈ। ਜਿਸ ਤੇ ਕਾਰਵਾਈ ਕਰਦੇ ਹੋਏ ਸ੍ਰੀ ਮਨੀਸ਼ ਕੁਮਾਰ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਯੂਨਿਟ, ਹੁਸ਼ਿਆਰਪੁਰ ਦੀ ਜ਼ੇਰੇ ਨਿਗਰਾਨੀ ਇੰਸਪੈਕਟਰ ਲਖਵਿੰਦਰ ਸਿੰਘ, ਵਲੋਂ ਵਿਜੀਲੈਂਸ ਬਿਊਰੋ ਦੀ ਟੀਮ, ਸਮੇਤ ਮੁਦੱਈ, ਸਰਕਾਰੀ ਸ਼ੈਡੋ ਗਵਾਹ ਅਤੇ ਸਰਕਾਰੀ ਗਵਾਹ ਨੂੰ ਨਾਲ ਲੈ ਕੇ ਟਰੈਪ ਲਗਾਇਆ ਗਿਆ। ਜਿਸ ਤੇ ਚਲਦੀਆਂ ਇੰਸਪੈਕਟਰ ਲਖਵਿੰਦਰ ਸਿੰਘ ਵਲੋਂ ਇੰਸਪੈਕਟਰ ਕੇਵਲ ਕ੍ਰਿਸ਼ਨ ਨੂੰ ਸ਼ਿਕਾਇਤਕਰਤਾ ਜਗਪਾਲ ਸਿੰਘ ਪੁੱਤਰ ਸ੍ਰੀ ਪ੍ਰੀਤਮ ਸਿੰਘ ਉਕਤ ਪਾਸੋਂ 40,000/- ਰੁਪਏ (ਚਾਲ੍ਹੀ ਹਜ਼ਾਰ ਰੁਪਏ) ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਰਿਸ਼ਵਤ ਵਾਲੀ ਰਕਮ ਮੌਕਾ ਪਰ ਬਰਾਮਦ ਕੀਤੀ ਗਈ ਹੈ।
ਇਸ ਸਬੰਧੀ ਦੋਸ਼ੀ ਇੰਸਪੈਕਟਰ ਕੇਵਲ ਕ੍ਰਿਸ਼ਨ ਥਾਣਾ ਤਲਵਾੜਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਰੁੱਧ ਮੁਕੱਦਮਾ ਨੰਬਰ: 27 ਮਿਤੀ 11.10.2023 ਅਧੀਨ ਧਾਰਾ 7 P.C. Act, 1988 as amended by P.C. (Amendment) Act, 2018 ਥਾਣਾ ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਵਿਖੇ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਇੰਸਪੈਕਟਰ ਕੇਵਲ ਕ੍ਰਿਸ਼ਨ ਨੂੰ ਕੱਲ ਮਿਤੀ 12.10.2023 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਤਫਤੀਸ਼ ਜਾਰੀ ਹੈ।