ਗੁਰਦਾਸਪੁਰ

ਨਾਨੋਵਾਲ ਕਲਾਂ ਦੇ ਗੁਰਪ੍ਰੀਤ ਸਿੰਘ ਕਿਸਾਨਾਂ ਲਈ ਬਣੇ ਪ੍ਰੇਰਨਾ ਸਰੋਤ

ਨਾਨੋਵਾਲ ਕਲਾਂ ਦੇ ਗੁਰਪ੍ਰੀਤ ਸਿੰਘ ਕਿਸਾਨਾਂ ਲਈ ਬਣੇ ਪ੍ਰੇਰਨਾ ਸਰੋਤ
  • PublishedOctober 10, 2023

ਫ਼ਸਲੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਕਰ ਰਹੇ ਹਨ ਖੇਤੀ

ਜ਼ਿਲ੍ਹਾ ਪ੍ਰਸ਼ਾਸਨ ਨੇ ‘ਵਾਤਾਵਰਨ ਦੇ ਰਾਖੇ’ ਐਵਾਰਡ ਨਾਲ ਸਨਮਾਨਿਆ

ਗੁਰਦਾਸਪੁਰ, 10 ਅਕਤੂਬਰ 2023 (ਦੀ ਪੰਜਾਬ ਵਾਇਰ )। ਜ਼ਿਲ੍ਹਾ ਗੁਰਦਾਸਪੁਰ ਦੇ ਬੇਟ ਖੇਤਰ ਦੇ ਪਿੰਡ ਨਾਨੋਵਾਲ ਕਲਾਂ ਦਾ ਨੌਜਵਾਨ ਗੁਰਪ੍ਰੀਤ ਸਿੰਘ ਆਪਣੇ ਇਲਾਕੇ ਦੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ। ਗੁਰਪ੍ਰੀਤ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਫਸਲਾਂ ਦੀ ਕਾਸ਼ਤ ਕਰ ਰਹੇ ਹਨ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸ ਨੂੰ ‘ਵਾਤਾਵਰਨ ਦੇ ਰਾਖੇ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨਾਨੋਵਾਲ ਦੱਸਦੇ ਹਨ ਕਿ ਖੇਤੀਬਾੜੀ ਵਿਭਾਗ ਦੀ ਗੱਲ ਮੰਨਿਦਆਂ ਉਸਨੇ ਪਿਛਲੇ 3 ਸਾਲ ਤੋਂ ਆਪਣੇ ਖੇਤਾਂ ਵਿਚ ਝੋਨੇ ਦੀ ਪਾਰਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਹੀ ਲਗਾਈ, ਜਿਸ ਨਾਲ ਉਸਦੀਆਂ ਫ਼ਸਲਾਂ ਦਾ ਝਾੜ ਵਧਿਆ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਉਸਨੇ ਪੰਜਾਬ ਸਰਕਾਰ ਵੱਲੋਂ ਖੇਤੀ ਮਸ਼ੀਨਰੀ ’ਤੇ ਜਾਰੀ ਕੀਤੀ ਸਬਸਿਡੀ ਉੱਪਰ ਇਕ ਸੂਪਰਸੀਡਰ ਦੀ ਖਰੀਦ ਕੀਤੀ ਸੀ, ਜਿਸ ਨਾਲ ਉਹ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਅਗਲੀਆਂ ਫ਼ਸਲਾਂ ਦੀ ਬਿਜਾਈ ਕਰਦਾ ਹੈ। ਉਹ ਤਕਰੀਬਨ 60 ਕਿਲੇ ਜ਼ਮੀਨ ’ਤੇ ਖੇਤੀ ਕਰਦੇ ਹੋਏ ਹੋਰ ਛੋਟੇ ਕਿਸਾਨਾਂ ਨੂੰ ਵੀ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਆਪਣੀ ਮਸ਼ੀਨਰੀ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਵੀ ਬਿਜਾਈ ਕਰਦੇ ਹਨ।

ਗੁਰਪ੍ਰੀਤ ਸਿੰਘ ਨੇ ਕਿਹਾ ਕਿ ਛੋਟੇ ਕਿਸਾਨਾਂ ਵਾਸਤੇ ਓਸਨੇ ਸੁਪਰਸੀਡਰ ਦੀ ਬਿਜਾਈ ਦਾ ਰੇਟ ਵੀ ਬਹੁਤ ਘੱਟ ਰੱਖਿਆ ਹੈ, ਜਿਸ ਨਾਲ ਕਿਸਾਨ ਨੂੰ ਕੋਈ ਔਖ ਨਾ ਹੋਵੇ ਅਤੇ ਉਹ ਪਰਾਲੀ ਨੂੰ ਅੱਗ ਲਗਾਉਣ ਵਾਲੇ ਪਾਸੇ ਨਾ ਜਾਣ। ਉਹ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਕੇ ਅਸੀਂ ਇਕੱਲਾ ਆਪਣੇ ਖੇਤਾਂ ਦਾ ਨੁਕਸਾਨ ਹੀ ਨਹੀਂ ਕਰਦੇ ਸਗੋਂ ਇਸ ਨਾਲ ਸਮੁੱਚਾ ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰਦੇ ਹਨ। ਉਸਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਪਰਾਲੀ ਨੂੰ ਅੱਗ ਨਾ ਲਗਾ ਕੇ ਉਸ ਵਾਂਗ ਵਾਤਾਵਰਨ ਦੇ ਰਾਖੇ ਬਣਨ।

ਵਾਤਾਵਰਨ ਦੇ ਰਾਖੇ ਐਵਾਰਡ ਮਿਲਣ ’ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਧੰਨਵਾਦ ਕਰਦੇ ਹੋਏ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਹ ਸਨਮਾਨ ਉਸ ਨੂੰ ਵਾਤਾਵਰਨ ਦੀ ਸੰਭਾਲ ਲਈ ਹੋਰ ਵੀ ਪ੍ਰੇਰਿਤ ਕਰੇਗਾ।

Written By
The Punjab Wire