11 ਅਕਤੂਬਰ ਨੂੰ ਪਿੰਡ ਸੈਦੋਵਾਲ ਖੁਰਦ ਵਿਖੇ ਲੱਗੇਗਾ ਮਿਸ਼ਨ ਅਬਾਦ ਤਹਿਤ ਵਿਸ਼ੇਸ਼ ਕੈਂਪ
ਪਿੰਡ ਸੈਦੋਵਾਲ ਖੁਰਦ, ਗੁਨੋਪੁਰ, ਦਾਰਾਪੁਰ, ਭੈਣੀ ਕਾਨੇ, ਭੈਣੀ ਪਸਵਾਲ ਦੇ ਵਸਨੀਕ ਇਸ ਕੈਂਪ ਵਿੱਚ ਭਾਗ ਲੈਣਗੇ
ਗੁਰਦਾਸਪੁਰ, 9 ਅਕਤੂਬਰ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਵਿੱਚ ਜਾ ਕੇ ਉਨਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਹੱਲ ਕਰਨ ਦੀਆਂ ਦਿੱਤੀਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 11 ਅਕਤੂਬਰ ਨੂੰ ਬਲਾਕ ਕਾਹਨੂੰਵਾਨ ਦੇ ਪਿੰਡ ਸੈਦੋਵਾਲ ਖੁਰਦ ਵਿਖੇ ਮਿਸ਼ਨ ਅਬਾਦ ਤਹਿਤ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਦਾ ਸਮਾਂ ਦੁਪਹਿਰ 2:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੋਵੇਗਾ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਅਕਤੂਬਰ ਨੂੰ ਪਿੰਡ ਸੈਦੋਵਾਲ ਖੁਰਦ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਵਿਖੇ ਲੱਗਣ ਵਾਲੇ ਇਸ ਅਬਾਦ ਕੈਂਪ ਵਿੱਚ ਪਿੰਡ ਸੈਦੋਵਾਲ ਖੁਰਦ ਤੋਂ ਇਲਾਵਾ ਪਿੰਡ ਗੁਨੋਪੁਰ, ਦਾਰਾਪੁਰ, ਭੈਣੀ ਕਾਨੇ, ਭੈਣੀ ਪਸਵਾਲ ਦੇ ਵਸਨੀਕ ਭਾਗ ਲੈਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਵਿਸ਼ੇਸ਼ ਸਟਾਲ ਲਗਾ ਕੇ ਪੰਜਾਬ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ। ਇਸਦੇ ਨਾਲ ਹੀ ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਰੂਰਲ ਏਰੀਆ ਅਤੇ ਬਾਰਡਰ ਏਰੀਆ ਸਰਟੀਫਿਕੇਟ, ਪੈਨਸ਼ਨ ਨਾਲ ਸਬੰਧਤ ਸੁਵਿਧਾਵਾਂ, ਸਿਹਤ ਵਿਭਾਗ ਨਾਲ ਸਬੰਧਤ ਸੁਵਿਧਾਵਾਂ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ ਕੰਮ, ਮਨਰੇਗਾ ਨਾਲ ਸਬੰਧਤ ਕੰਮ, ਵਾਟਰ ਸਪਲਾਈ ਅਤੇ ਜਲ ਸਪਲਾਈ ਵਿਭਾਗ ਨਾਲ ਸਬੰਧਤ ਕੰਮ, ਅਧਾਰ ਕਾਰਡ ਸੁਵਿਧਾ ਦਾ ਮੌਕੇ ’ਤੇ ਲਾਭ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪਿੰਡ ਸੈਦੋਵਾਲ ਖੁਰਦ, ਗੁਨੋਪੁਰ, ਦਾਰਾਪੁਰ, ਭੈਣੀ ਕਾਨੇ, ਭੈਣੀ ਪਸਵਾਲ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਭ ਉਠਾਉਣ।