ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤਾ ਜਾਵੇਗਾ ਕਣਕ ਦਾ ਤਸਦੀਕਸ਼ੁਦਾ ਬੀਜ਼
ਕਿਸਾਨ ਬੀਜ਼ ਲੈਣ ਲਈ 31 ਅਕਤੂਬਰ ਤੱਕ ਖੇਤੀਬਾੜੀ ਵਿਭਾਗ ਦੇ ਆਨਲਾਈਨ ਪੋਰਟਲ ਉੱਪਰ ਕਰ ਸਕਦੇ ਹਨ ਅਪਲਾਈ – ਮੁੱਖ ਖੇਤੀਬਾੜੀ ਅਫ਼ਸਰ
ਗੁਰਦਾਸਪੁਰ, 4 ਅਕਤੂਬਰ 2023 (ਦੀ ਪੰਜਾਬ ਵਾਇਰ ) । ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਕਿਸਾਨਾਂ ਨੂੰ ਕਣਕ ਦਾ ਤਸਦੀਕਸ਼ੁਦਾ (ਸਰਟੀਫਾਈਡ) ਬੀਜ਼ ਸਬਸਿਡੀ ਕੱਟ ਕੇ ਮੁਹੱਈਆ ਕਰਵਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧੀ ਡਾ: ਕਿਰਪਾਲ ਸਿੰਘ ਢਿੱਲੋਂ ਮੁੱਖ ਖੇਤੀਬਾੜੀ ਅਫਸਰ, ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਕਣਕ ਦਾ ਤਸਦੀਕਸ਼ੁਦਾ (ਸਰਟੀਫਾਈਡ) ਬੀਜ਼ ਸਬਸਿਡੀ ਤੇ ਪ੍ਰਾਪਤ ਕਰਨ ਲਈ ਆਨ ਲਾਈਨ ਪੋਰਟਲ (www.agrimachinerypb.com) ’ਤੇ ਆਈ.ਡੀ. ਬਣਾ ਕੇ ਨਿਰਧਾਰਿਤ ਪ੍ਰਫਾਰਮੇ ਵਿੱਚ ਬਿਨੈ ਪੱਤਰ ਮਿਤੀ 1 ਅਕਤੂਬਰ ਤੋਂ 31 ਅਕਤੂਬਰ 2023 ਤੱਕ ਭਰ ਸਕਦੇ ਹਨ। ਜੇਕਰ ਕਿਸੇ ਵੀ ਕਿਸਾਨ ਨੂੰ ਆਨ-ਲਾਈਨ ਬਿਨੈ-ਪੱਤਰ ਭਰਨ ਵਿੱਚ ਮੁਸ਼ਕਿਲ ਆਉਂਦੀ ਹੈ ਤਾਂ ਆਪਣੇ ਖੇਤੀਬਾੜੀ ਬਲਾਕ ਦਫਤਰ ਵਿੱਚ ਤਾਇਨਾਤ ਸਟਾਫ ਨਾਲ ਸੰਪਰਕ ਕਰ ਸਰਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿਲੋਂ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਅਤੇ 2.5 ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ ਨੂੰ ਸਬਸਿਡੀ ਬੀਜ ਲਈ ਪਹਿਲ ਦੇ ਆਧਾਰ ’ਤੇ ਵਿਚਾਰਿਆ ਜਾਵੇਗਾ। ਕਿਸਾਨ ਕਣਕ ਦਾ ਸਰਟੀਫਾਇਡ ਬੀਜ 50 ਫੀਸਦੀ ਸਬਸਿਡੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦੀ ਰਕਮ ਕੱਟ ਕੇ ਬੀਜ ਖਰੀਦ ਸਕਦੇ ਹਨ। ਇੱਕ ਕਿਸਾਨ ਵੱਧ ਤੋਂ ਵੱਧ 5 ਏਕੜ ਲਈ ਸਬਸਿਡੀ ਵਾਲਾ ਬੀਜ ਖਰੀਦ ਸਕਦਾ ਹੈ। ਕਿਸਾਨ ਕੇਵਲ ਪੰਜਾਬ ਰਾਜ ਬੀਜ਼ ਪ੍ਰਮਾਨਣ ਸੰਸਥਾ ਵਲੋਂ ਰਜਿਸਟਜਡ ਕੀਤੇ ਸਰਕਾਰੀ / ਅਰਧ ਸਰਕਾਰੀ ਸੰਸਥਾਵਾਂ, ਸਹਿਕਾਰੀ ਅਦਾਰੇ ਆਦਿ ਜਿਵੇਂ ਕਿ ਕਿ ਪਨਸੀਡ ਪੰਜਾਬ ਖੇਤੀਬਾੜੀ ਯੂਨਿਵਰਸਿਟੀ, ਪਨਸੀਡ, ਪੰਜਾਬ ਐਗਰੋ, ਆਈ.ਐੱਫ.ਐੱਫ.ਡੀ.ਸੀ, ਇਫਕੋ, ਐੱਨ.ਐੱਸ.ਸੀ, ਐੱਨ.ਏ.ਐੱਫ.ਈ.ਡੀ, ਐੱਚ.ਆਈ.ਐੱਲ, ਐੱਨ.ਐੱਫ.ਐੱਲ, ਡੀ.ਓ.ਏ, ਕ੍ਰਿਭਕੋ ਜਾਂ ਉਨਾਂ ਦੇ ਅਧਿਕਾਰਿਤ ਡੀਲਰਾਂ ਪਾਸੋਂ ਹੀ ਤਸਦੀਕਸ਼ੁਦਾ ਬੀਜ਼ ਸਬਸਿਡੀ ਦੀ ਰਕਮ ਕੱਟ ਕੇ ਪ੍ਰਾਪਤ ਕਰ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨਿਵਰਸਿਟੀ ਵੱਲੋਂ ਕਣਕ ਦੀਆ ਸਿਫਾਰਿਸਸ਼ੁਦਾ ਕਿਸਮਾਂ ਦੇ ਸਰਟੀਫਾਇਡ ਬੀਜ ਤੇ ਹੀ ਸਬਸਿਡੀ ਉਪਲਬਧ ਹੋਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਤੇ ਕਣਕ ਬੀਜ ਪਾਲਿਸੀ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਹਿੱਤ ਖੇਤੀਬਾੜੀ ਵਿਭਾਗ ਦੇ ਦਫਤਰ ਸ਼ਨੀਵਾਰ ਅਤੇ ਐਤਵਾਰ ਖੁੱਲੇ ਰਹਿਣਗੇ। ਉਹਨਾਂ ਨੇ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕਰਦੇ ਹੋਏ ਕਿਹਾ ਹੈ ਕਿ ਕਣਕ ਬੀਜ ਦੇ ਬੈਗਾਂ ਨਾਲ ਲੱਗੇ ਹੋਏ ਟੈਗ ਸੰਭਾਲ ਕੇ ਰੱਖਣ ਤਾਂ ਜੋ ਸਬਸਿਡੀ ਦੀ ਅਦਾਇਗੀ ਕਰਨ ਵਿੱਚ ਕਿਸੇ ਕਿਸਮ ਮੁਸ਼ਕਿਲ ਨਾ ਆਵੇ।