“ਆਯੂਸ਼ਮਾਨ ਐਪ’’ ਰਾਹੀਂ ਸਿਹਤ ਬੀਮਾ ਕਾਰਡ ਹੁਣ ਮੁਫ਼ਤ ਉਪਲੱਬਧ – ਚੇਅਰਮੈਨ ਰਮਨ ਬਹਿਲ
ਗੁਰਦਾਸਪੁਰ, 3 ਅਕਤੂਬਰ 2023 (ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਯੋਗ ਲਾਭਪਾਤਰੀ ਆਪਣੇ ਕਾਰਡ ਬਣਾ ਕੇ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਸਕਣ।
ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੇ ਬਾਰੇ ਜਾਣਕਾਰੀ ਹੋਏ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦੇ ਲਈ ‘ਆਯੂਸ਼ਮਾਨ ਐਪ’ ਮੁਹੱਈਆ ਕਰਵਾਈ ਗਈ ਹੈ। ਲਾਭਪਾਤਰੀ ਆਪਣੇ ਸਮਾਰਟ ਫੋਨ ਰਾਹੀਂ ‘ਗੂਗਲ ਪਲੇਅ ਸਟੋਰ’ ’ਤੇ ਜਾ ਕੇ ਆਯੂਸ਼ਮਾਨ ਐਪ (ਨੈਸ਼ਨਲ ਹੈਲਥ ਅਥਾਰਟੀ) ਡਾਊਨਲੋਡ ਕਰਕੇ ਆਪਣੀ ਪਾਤਰਤਾ ਚੈੱਕ ਕਰ ਸਕਦਾ ਹੈ। ਸਮਾਰਟ ਰਾਸ਼ਨ ਕਾਰਡ ਹੋਲਡਰ, ਸਮਾਜਿਕ-ਆਰਥਿਕ ਸਰਵੇਖਣ ਸਾਲ 2011 ਦੇ ਯੋਗ ਪਰਿਵਾਰ, ਜੇ-ਫਾਰਮ ਹੋਲਡਰ , ਉਸਾਰੀ ਅਤੇ ਕਿਰਤੀ ਵਿਭਾਗ ਦੇ ਰਜਿਸਟਰਡ ਕਾਮੇ, ਛੋਟੇ ਵਪਾਰੀ ਅਤੇ ਮਾਨਤਾ ਪ੍ਰਾਪਤ ਪੱਤਰਕਾਰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਸਲਾਨਾ 5 ਸਾਲ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਗੇ ਦੱਸਿਆ ਕਿ ਆਯੂਸ਼ਮਾਨ ਐਪ ਰਾਹੀਂ ਲਾਭਪਾਤਰੀ ਨਾਮ/ਰਾਸ਼ਨ ਕਾਰਡ/ਆਧਾਰ ਨੰਬਰ/ਪਰਿਵਾਰ ਪਹਿਚਾਣ ਨੰਬਰ ਦੇ ਜਰੀਏ ਆਪਣੀ ਪਾਤਰਤਾ ਸਮਾਰਟ ਫੋਨ ’ਤੇ ਚੈੱਕ ਕਰ ਸਕਦਾ ਹੈ। ਆਯੂਸ਼ਮਾਨ ਐਪ ਰਾਹੀਂ ਯੂਜਰ ਲਾਗ-ਇਨ ਬਣਾਉਣ ਲਈ ਆਪਣਾ ਮੋਬਾਇਲ ਨੰਬਰ ਭਰਨਾ ਅਤੇ ਫਿਰ ਉਸ ਨੰਬਰ ’ਤੇ ਪ੍ਰਾਪਤ ਓ.ਟੀ.ਪੀ. ਦਰਜ ਕਰਨਾ ਹੈ। ਪਾਤਰਤਾ ਹੋਣ ’ਤੇ ਖੁਦ ਅਤੇ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਨੂੰ ਆਧਾਰ ਈ-ਕੇ.ਵਾਈ.ਸੀ. ਦੇ ਜਰੀਏ ਵੈਰੀਫਾਈ ਕੀਤਾ ਜਾਂਦਾ ਹੈ। ਜ਼ਰੂਰੀ ਜਾਣਕਾਰੀ ਭਰਨ ਉਪਰੰਤ ਮੋਬਾਇਲ ਨਾਲ ਆਪਣੀ ਫੋਟੋ ਖਿੱਚ ਕੇ ਅਪਲੋਡ ਕਰਨੀ ਹੈ ਇਸਦੇ ਬਾਅਦ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਫੋਟੋ ਦਾ ਆਧਾਰ ਕਾਰਡ ਨਾਲ ਮਿਲਾਨ ਹੋਣ ਉਪਰੰਤ ਪਾਤਰਤਾ ਦਾ ਨਿਰੀਖਣ ਸਟੇਟ ਹੈਲਥ ਅਥਾਰਟੀ ਵੱਲੋਂ ਕੀਤਾ ਜਾਂਦਾ ਹੈ ਅਤੇ ਇਸ ਦੇ ਲਈ 80 ਫ਼ੀਸਦੀ ਤੋਂ ਵੱਧ ਲੈਵਲ ਪਾਤਰਤਾ ਦਾ ਮੇਲ ਖਾਣ ’ਤੇ ਤੁਰੰਤ ਆਯੂਸ਼ਮਾਨ ਕਾਰਡ ਡਾਊਨਲੋਡ ਕੀਤਾ ਜਾ ਸਕਦਾ ਹੈ। ਜੇਕਰ 80 ਪ੍ਰਤੀਸ਼ਤ ਤੋਂ ਘੱਟ ਪਾਤਰਤਾ ਬਣਦੀ ਹੋਵੇ ਤਾਂ ਲਾਭਪਾਤਰੀ ਨੂੰ ਸਟੇਟ ਆਥਾਰਟੀ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਕਾਰਡ ਉਪਲਬਧ ਹੋਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਜਾਂ ਕਿਸੇ ਪ੍ਰਕਾਰ ਦੀ ਸ਼ਿਕਾਇਤ ਲਈ ਮੈਡੀਕਲ ਹੈਲਪ ਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।