ਚੇਅਰਮੈਨ ਰਮਨ ਬਹਿਲ ਨੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ
ਕੈਂਪ ਦੌਰਾਨ ਦਾਨੀਆਂ ਵੱਲੋਂ 200 ਤੋਂ ਵੱਧ ਯੂਨਿਟ ਖੂਨਦਾਨ ਕੀਤਾ ਗਿਆ
ਸਮਾਜ ਨੂੰ ਆਪਣੇ ਵੱਲੋਂ ਕੁਝ ਬੇਹਤਰ ਮੋੜਨਾ ਹਰ ਵਿਅਕਤੀ ਦਾ ਫ਼ਰਜ਼ – ਰਮਨ ਬਹਿਲ
ਐੱਸ.ਐੱਸ.ਪੀ. ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਸਮਾਜ ਦੀ ਬੇਹਤਰੀ ਲਈ ਅੱਗੇ ਆਉਣ ਦਾ ਸੱਦਾ
ਗੁਰਦਾਸਪੁਰ, 2 ਅਕਤੂਬਰ 2023 (ਦੀ ਪੰਜਾਬ ਵਾਇਰ)। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਲੱਡ ਡੋਨਰ ਸੋਸਾਇਟੀ, ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ, ਕਲਾਨੌਰ ਵੱਲੋਂ ਅੱਜ ਪੁੱਡਾ ਗਰਾਊਂਡ, ਜ਼ੇਲ੍ਹ ਰੋਡ, ਗੁਰਦਾਸਪੁਰ ਵਿਖੇ 100ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਕੀਤਾ ਗਿਆ। ਖੂਨਦਾਨ ਕੈਂਪ ਦੌਰਾਨ ਦਾਨੀਆਂ ਵੱਲੋਂ 200 ਤੋਂ ਵੱਧ ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ ਵੀ ਹਾਜ਼ਰ ਸਨ।
ਬਲੱਡ ਡੋਨਰ ਸੋਸਾਇਟੀ, ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ, ਕਲਾਨੌਰ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਸਮਾਜ ਲਈ ਬਹੁਤ ਲਾਹੇਵੰਦੇ ਹਨ। ਉਨ੍ਹਾਂ ਕਿਹਾ ਕਿ ਖੂਨ ਦਾਨ ਸਭ ਤੋਂ ਮਹਾਨ ਦਾਨ ਹੈ ਜਿਸ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਖੂਨਦਾਨ ਕਰਨ ਵਾਲੇ ਸਾਰੇ ਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਉਪਰਾਲਾ ਹੋਰ ਲੋਕਾਂ ਨੂੰ ਵੀ ਖੂਨਦਾਨ ਅਤੇ ਸਮਾਜ ਸੇਵਾ ਲਈ ਪ੍ਰੇਰਿਤ ਕਰੇਗਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਾਰੀ ਉਮਰ ਸਮਾਜ ਸਾਨੂੰ ਬਹੁਤ ਕੁਝ ਦਿੰਦਾ ਹੈ ਅਤੇ ਹਰ ਵਿਅਕਤੀ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਵੱਲੋਂ ਕੁਝ ਬੇਹਤਰ ਸਮਾਜ ਨੂੰ ਵੀ ਵਾਪਸ ਮੋੜੇ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਨਿਭਾਉਂਦਿਆਂ ਸਮਾਜ ਸੇਵਾ ਵਿੱਚ ਵੱਧ-ਚੜ ਕੇ ਭਾਗ ਲੈਂਦੇ ਹੋਏ ਬਿਹਤਰ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਬਲੱਡ ਡੋਨਰ ਸੋਸਾਇਟੀ, ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ, ਕਲਾਨੌਰ ਦੇ ਸਮੂਹ ਅਹੁਦੇਦਾਰਾਂ ਨੂੰ ਖੂਨਦਾਨ ਦੇ ਖੇਤਰ ਵਿੱਚ ਰਾਜ ਪੱਧਰੀ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ। ਉਨ੍ਹਾਂ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ, ਕਲਾਨੌਰ ਨੂੰ ਭਰੋਸਾ ਦਿੱਤਾ ਕਿ ਸਿਹਤ ਵਿਭਾਗ ਵੱਲੋਂ ਕਲਾਨੌਰ ਦੇ ਸਰਕਾਰੀ ਹਸਪਤਾਲ ਵਿੱਚ ਵੀ ਬਲੱਡ ਬੈਂਕ ਸਥਾਪਤ ਕੀਤੀ ਜਾਵੇਗੀ।
ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਨੇ ਕਿਹਾ ਕਿ ਖੂਨਦਾਨ ਕਰਨਾ ਬਹੁਤ ਵੱਡੀ ਸੇਵਾ ਹੈ ਅਤੇ ਇਨ੍ਹਾਂ ਦੋਵਾਂ ਸੋਸਾਇਟੀ ਵੱਲੋਂ ਇਸ ਖੇਤਰ ਵਿੱਚ ਕੀਤਾ ਜਾ ਰਿਹਾ ਹੈ ਕੰਮ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਖੂਨਦਾਨ ਜਿਥੇ ਕਿਸੇ ਦੀ ਜਾਨ ਬਚਾਉਂਦਾ ਹੈ ਓਥੇ ਇਸ ਨਾਲ ਖੂਨ ਦਾਨ ਕਰਨ ਵਾਲਾ ਵਿਅਕਤੀ ਵੀ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਏਵੇਂ ਹੀ ਸਮਾਜ ਦੀ ਬਿਹਤਰੀ ਲਈ ਅੱਗੇ ਆਉਣ।
ਇਸ ਮੌਕੇ ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਦੇ ਪ੍ਰਧਾਨ ਰਾਜੇਸ਼ ਬੱਬੀ ਬਲੱਡ ਡੋਨਰ, ਪ੍ਰਵੀਨ ਅੱਤਰੀ, ਅਦਰਸ਼ ਕੁਮਾਰ, ਸੁਖਵਿੰਦਰ ਸਿੰਘ ਮੱਲੀ, ਕੇ.ਪੀ. ਬਾਜਵਾ, ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਸ਼ਰਨਜੀਤ ਸਿੰਘ ਪੁਰੇਵਾਲ, ਹਰਕੰਵਲ ਸਿੰਘ ਰੰਧਾਵਾ, ਰਜਨੀਸ਼ ਸ਼ਰਮਾਂ, ਪਲਵਿੰਦਰ ਸਿੰਘ ਮਾਹਲ, ਹਰਦੀਪ ਸਿੰਘ ਕਾਹਲੋਂ, ਅਵਤਾਰ ਸਿੰਘ ਘੁੰਮਣ, ਰੋਹਿਤ ਮਹਾਜਨ, ਮੋਨੂੰ ਕੁਮਾਰ, ਨਸ਼ਚਿੰਤ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਖੂਨਦਾਨੀ ਅਤੇ ਸਿਵਲ ਹਸਪਤਾਲ ਬਟਾਲਾ ਅਤੇ ਅੰਮ੍ਰਿਤਸਰ ਦੀ ਬੱਲਡ ਬੈਂਕ ਦੇ ਮੁਲਾਜ਼ਮ ਵੀ ਹਾਜ਼ਰ ਸਨ।