ਚੰਡੀਗੜ, 29 ਸਤੰਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਪੀ.ਐਸ.ਪੀ.ਸੀ.ਐਲ. ਦਫਤਰ ਲਹਿਰਾ, ਸੰਗਰੂਰ ਵਿਖੇ ਤਾਇਨਾਤ ਸੀਨੀਅਰ ਕਾਰਜਕਾਰੀ ਇੰਜੀਨੀਅਰ (ਐਕਸ.ਈ.ਐਨ.) ਮੁਨੀਸ਼ ਕੁਮਾਰ ਜਿੰਦਲ ਨੂੰ 45,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਲਹਿਰਾ ਬਲਾਕ ਦੇ ਪਿੰਡ ਹਰਿਆਉ ਦੇ ਰਹਿਣ ਵਾਲੇ ਸੁਖਚੈਨ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਮੇਜਰ ਸਿੰਘ ਵਾਸੀ ਪਿੰਡ ਢੀਂਡਸਾ, ਬਲਾਕ ਲਹਿਰਾ ਆਪਣਾ ਟਿਊਬਵੈੱਲ ਕੁਨੈਕਸ਼ਨ ਪਿੰਡ ਛਾਜਲੀ ਵਿੱਚ ਤਬਦੀਲ ਕਰਨਾ ਚਾਹੁੰਦਾ ਹੈ। ਮੇਜਰ ਸਿੰਘ ਬਜੁਰਗ ਵਿਅਕਤੀ ਹੋਣ ਕਾਰਨ ਸ਼ਿਕਾਇਤਕਰਤਾ ਸੁਖਚੈਨ ਸਿੰਘ ਨੂੰ ਕੁਨੈਕਸ਼ਨ ਟਰਾਂਸਫਰ ਕਰਵਾਉਣ ਲਈ ਆਪਣੇ ਕੇਸ ਦੀ ਪੈਰਵੀ ਕਰਨ ਲਈ ਕਿਹਾ ਹੈ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਜਦੋਂ ਉਹ ਇਸ ਸਬੰਧੀ ਐਕਸੀਅਨ ਮੁਨੀਸ਼ ਕੁਮਾਰ ਜਿੰਦਲ ਨੂੰ ਮਿਲਿਆ ਤਾਂ ਉਸ ਨੇ ਇਸ ਟਿਊਬਵੈੱਲ ਕੁਨੈਕਸ਼ਨ ਨੂੰ ਤਬਦੀਲ ਕਰਨ ਲਈ 45000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਬਿਉਰੋ ਦੀ ਪਟਿਆਲਾ ਰੇਂਜ ਨੇ ਮੁਢਲੀ ਜਾਂਚ ਉਪਰੰਤ ਜਾਲ ਵਿਛਾਇਆ ਅਤੇ ਉਪਰੋਕਤ ਸੀਨੀਅਰ ਐਕਸੀਅਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 45,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਦੇ ਥਾਣੇ ਵਿੱਚ ਮੁਨੀਸ਼ ਕੁਮਾਰ ਜਿੰਦਲ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।