ਮੰਦਭਾਗੀ ਘਟਨਾ ਪਿਛੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਬਟਾਲਾ, 28 ਸਤੰਬਰ 2023 (ਦੀ ਪੰਜਾਬ ਵਾਇਰ)।ਬਟਾਲਾ ਦੀ ਸਤੀ ਲਕਸ਼ਮੀ ਦੇਵੀ ਗਊਸ਼ਾਲਾ ਵਿਖੇ ਭੇਦਭਰੇ ਹਲਾਤਾਂ ਵਿੱਚ ਗਊਆਂ ਦੀ ਹੋਈ ਮੌਤ ਨੂੰ ਲੈ ਕੇ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਬੀਤੀ ਦੇਰ ਰਾਤ ਨੂੰ ਜਦੋਂ ਹੀ ਇਹ ਘਟਨਾ ਵਾਪਰੀ ਤਾਂ ਉਸੇ ਸਮੇਂ ਹਲਕਾ ਵਿਧਾਇਕ ਸ਼ੈਰੀ ਕਲਸੀ ਮੌਕੇ ‘ਤੇ ਪਹੁੰਚੇ ਅਤੇ ਉਨਾਂ ਨੇ ਹਲਾਤਾਂ ਦਾ ਜਾਇਜਾ ਲਿਆ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਗਊਆਂ ਦੀ ਹੋਈ ਭੇਦਭਰੀ ਮੌਤ ਤੇ ਉਨਾਂ ਨੂੰ ਬਹੁਤ ਦੁੱਖ ਹੈ। ਉਨਾਂ ਕਿਹਾ ਕਿ ਗਊ ਮਾਤਾ ਸਾਰਿਆਂ ਲਈ ਪੂਜ਼ਨੀਅ ਹੈ, ਇਹ ਘਟਨਾ ਬਹੁਤ ਹੀ ਚਿੰਤਾਜਨਕ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਉਨਾਂ ਵਲੋਂ ਪੁਲਸ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਜੇਕਰ ਇਸ ਪਿੱਛੇ ਕੋਈ ਵੀ ਸਾਜਿਸ਼ ਨਜ਼ਰ ਆਈ ਜਾਂ ਫਿਰ ਘਟਨਾ ਲਈ ਕੋਈ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਲਕਾ ਵਿਧਾਇਕ ਨੇ ਅੱਗੇ ਕਿਹਾ ਕਿ ਇਹ ਘਟਨਾ ਬਹੁਤ ਹੀ ਦੁੱਖਦਾਈ ਹੈ ਜਿਸ ਨੇ ਹਰ ਕਿਸੇ ਦਾ ਹਿਰਦਾ ਵਲੂੰਧਰ ਕੇ ਰੱਖ ਦਿੱਤਾ ਹੈ। ਵਿਧਾਇਕ ਸ਼ੈਰੀ ਕਲਸੀ ਨੇ ਗਊਸ਼ਾਲਾ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਨਾਂ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।