ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਸ਼ਲਾਘਾਯੋਗ ਕਦਮ- ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਧਰਨਿਆਂ ਸਬੰਧੀ ਲਿਆ ਅਹਿਮ ਫੈਸਲਾ

ਸ਼ਲਾਘਾਯੋਗ ਕਦਮ- ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਧਰਨਿਆਂ ਸਬੰਧੀ ਲਿਆ ਅਹਿਮ ਫੈਸਲਾ
  • PublishedSeptember 19, 2023

ਜ਼ਿਲ੍ਹਾ ਮੈਜਿਸਟਰੇਟ ਨੇ ਧਰਨੇ/ਮੁਜ਼ਾਹਰਿਆਂ ਲਈ ਥਾਵਾਂ ਨਿਰਧਾਰਤ ਕੀਤੀਆਂ

ਨਿਰਧਾਰਤ ਥਾਵਾਂ ਉੱਪਰ ਧਰਨਾ ਲਗਾਉਣ ਤੋਂ ਪਹਿਲਾਂ ਐੱਸ.ਡੀ.ਐੱਮ. ਨੂੰ ਪੂਰਵ ਸੂਚਿਤ ਕਰਕੇ ਪ੍ਰਵਾਨਗੀ ਲੈਣੀ ਜਰੂਰੀ

ਨਿਰਧਾਰਤ ਥਾਂ ਤੋਂ ਇਲਾਵਾ ਧਰਨੇ ਲਗਾਉਣ ਵਾਲਿਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

ਗੁਰਦਾਸਪੁਰ, 19 ਸਤੰਬਰ 2023 (ਦੀ ਪੰਜਾਬ ਵਾਇਰ )। ਆਮ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦੀਆਂ ਵੱਖ-ਵੱਖ ਤਹਿਸੀਲਾਂ ਵਿੱਚ ਸ਼ਾਂਤਮਈ ਧਰਨਿਆਂ/ਮੁਜ਼ਾਹਰਿਆਂ ਲਈ ਥਾਵਾਂ ਨਿਰਧਾਰਤ ਕੀਤੀਆਂ ਹਨ। ਇਨ੍ਹਾਂ ਥਾਵਾਂ ਉੱਪਰ ਸਬੰਧਤ ਐੱਸ.ਡੀ.ਐੱਮ. ਨੂੰ ਪਹਿਲਾਂ ਸੂਚਿਤ ਕਰਕੇ ਪ੍ਰਵਾਨਗੀ ਲੈਣ ਉਪਰੰਤ ਹੀ ਧਰਨਾ/ਮੁਜ਼ਾਹਰਾ ਕੀਤਾ ਜਾ ਸਕੇਗਾ, ਇਸਤੋਂ ਇਲਾਵਾ ਜ਼ਿਲ੍ਹੇ ਵਿੱਚ ਹੋਰ ਕਿਸੇ ਜਨਤਕ ਥਾਂ ’ਤੇ ਧਰਨਾਂ ਨਹੀਂ ਦਿੱਤਾ ਜਾ ਸਕਦਾ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਦੇਖਣ ਵਿੱਚ ਆਇਆ ਹੈ ਕਿ ਵੱਖ-ਵੱਖ ਯੂਨੀਅਨਾਂ, ਸੰਸਥਾਵਾਂ ਅਤੇ ਲੋਕਾਂ ਵੱਲੋਂ ਰਾਸ਼ਟਰੀ ਤੇ ਰਾਜ ਮਾਰਗਾਂ, ਸੜਕਾਂ, ਚੌਂਕਾਂ, ਰੇਲਵੇ ਟਰੈਕਾਂ, ਬਜ਼ਾਰਾਂ, ਸਰਕਾਰੀ ਦਫ਼ਤਰਾਂ, ਹਸਪਤਾਲਾਂ, ਬੱਸ ਸਟੈਂਡਾਂ ਅਤੇ ਹੋਰ ਜਨਤਕ ਥਾਂਵਾਂ ‘ਤੇ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ, ਜਿਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਧਰਨਿਆਂ ਕਾਰਨ ਮਰੀਜ਼ ਹਸਪਤਾਲ ਨਹੀਂ ਪਹੁੰਚ ਪਾਉਂਦੇ, ਰਾਹਗੀਰ ਪਰੇਸ਼ਾਨ ਹੁੰਦੇ ਹਨ, ਕਈਆਂ ਦੀਆਂ ਫਲਾਈਟਾਂ ਖੁੰਝ ਜਾਂਦੀਆਂ ਹਨ। ਇਸ ਤਰਾਂ ਅਜਿਹੇ ਧਰਨੇ ਪ੍ਰਦਰਸ਼ਨ ਆਮ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣਦੇ ਹਨ।

ਆਮ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮਾਂ ਵਿੱਚ ਗੁਰਦਾਸਪੁਰ ਤਹਿਸੀਲ ਵਿੱਚ ਨਹਿਰੂ ਪਾਰਕ ਗੁਰਦਾਸਪੁਰ, ਦਾਣਾ ਮੰਡੀ ਗੁਰਦਾਸਪੁਰ, ਮਿੱਲ ਗਰਾਊਂਡ ਧਾਰੀਵਾਲ, ਦੀਨਾਨਗਰ ਤਹਿਸੀਲ ਵਿੱਚ ਦੁਸ਼ਿਹਰਾ ਗਰਾਉਂਡ ਦੀਨਾਨਗਰ, ਕਲਾਨੌਰ ਤਹਿਸੀਲ ਵਿੱਚ ਸ਼ਹੀਦ ਭਗਤ ਸਿੰਘ ਸਟੇਡੀਅਮ ਕਲਾਨੌਰ, ਫ਼ਤਹਿਗੜ੍ਹ ਚੂੜੀਆਂ ਤਹਿਸੀਲ ਵਿੱਚ ਦੁਸ਼ਹਿਰਾ ਗਰਾਊਂਡ ਫ਼ਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਤਹਿਸੀਲ ਵਿੱਚ ਦੁਸ਼ਿਹਰਾ ਗਰਾਊਂਡ ਡੇਰਾ ਬਾਬਾ ਨਾਨਕ ਅਤੇ ਦਾਣਾ ਮੰਡੀ ਕੋਟਲੀ ਸੂਰਤ ਮੱਲੀ ਵਿਖੇ ਥਾਂ ਧਰਨੇ/ਪ੍ਰਦਰਸ਼ਨਾਂ ਲਈ ਨਿਰਧਾਰਤ ਕੀਤੀ ਹੈ। ਇਸੇ ਤਰ੍ਹਾਂ ਤਹਿਸੀਲ ਬਟਾਲਾ ਲਈ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਬਟਾਲਾ, ਦਾਣਾ ਮੰਡੀ ਸ੍ਰੀ ਹਰਗੋਬਿੰਦਪੁਰ ਸਾਹਿਬ, ਦਾਣਾ ਮੰਡੀ ਕਾਦੀਆਂ, ਦਾਣਾ ਮੰਡੀ ਅਲੀਵਾਲ ਅਤੇ ਦਾਣਾ ਮੰਡੀ ਸਰੂਪਵਾਲੀ ਵਿਖੇ ਧਰਨੇ/ਪ੍ਰਦਰਸ਼ਨਾਂ ਲਈ ਥਾਂ ਨਿਰਧਾਰਤ ਕੀਤੀ ਗਈ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਉਪਰੋਕਤ ਨਿਰਧਾਰਤ ਥਾਵਾਂ ਉੱਪਰ ਵੀ ਧਰਨਾ ਸਬੰਧਤ ਐੱਸ.ਡੀ.ਐੱਮ. ਨੂੰ ਪਹਿਲਾਂ ਸੂਚਨਾ ਦੇਣ ਅਤੇ ਉਸ ਕੋਲੋਂ ਪੂਰਵ ਪ੍ਰਵਾਨਗੀ ਲੈਣ ਉਪਰੰਤ ਹੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਿਰਧਾਰਿਤ ਥਾਵਾਂ ਤੋਂ ਬਿਨਾਂ ਹੋਰ ਜਨਤਕ ਥਾਵਾਂ ‘ਤੇ ਧਰਨੇ ਰੋਕਣ ਲਈ ਸਬੰਧਤ ਐੱਸ.ਡੀ.ਐੱਮ. ਅਤੇ ਡੀ.ਐੱਸ.ਪੀ. ਜ਼ਿੰਮੇਵਾਰ ਹੋਣਗੇ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਨਿਰਧਾਰਤ ਥਾਵਾਂ ਤੋਂ ਬਿਨ੍ਹਾ ਜ਼ਿਲ੍ਹੇ ਵਿੱਚ ਕਿਸੇ ਹੋਰ ਥਾਂ/ਸੜਕ/ਰੇਲਵੇ ਟਰੈਕ, ਸਰਕਾਰੀ ਦਫ਼ਤਰ, ਜਨਤਕ ਥਾਂ ਆਦਿ ਉੱਪਰ ਧਰਨਾ ਲਗਾਇਆ ਤਾਂ ਉੱਨਾਂ ਵਿਅਕਤੀਆਂ ਦੀ ਪਛਾਣ ਕਰਕੇ ਉੱਨਾਂ ਖ਼ਿਲਾਫ਼ ਧਾਰਾ 188 ਤੋਂ ਇਲਾਵਾ 283 ਆਈ.ਪੀ.ਸੀ., ਨੈਸ਼ਨਲ ਹਾਈਵੇਅ ਐਕਟ ਦੇ ਸੈਕਸ਼ਨ 8-ਬੀ, ਪ੍ਰਵੈਨਸ਼ਨ ਆਫ ਡੈਮਜ ਆਫ ਪਬਲਿਕ ਪ੍ਰੋਪਰਟੀ ਐਕਟ ਦੇ ਸੈਕਸ਼ਨ ਤਿੰਨ, ਆਈ.ਪੀ.ਸੀ ਦੇ ਸੈਕਸ਼ਨ 186, ਰੇਲਵੇ ਐਕਟ 1989 ਦੇ ਸੈਕਸ਼ਨ 151, 174, 176 ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Written By
The Punjab Wire