ਸਿਹਤ ਵਿਭਾਗ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਸਬੰਧੀ ਮੀਟਿੰਗ ਕੀਤੀ
ਗੁਰਦਾਸਪੁਰ, 18 ਸਤੰਬਰ 2023 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ, ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ
ਮੁਹਿੰਮ ਤਹਿਤ ਪੀ.ਸੀ.ਐਂਡ ਪੀ.ਐਨ.ਡੀ.ਟੀ. ਐਕਟ ਅਧੀਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਗੁਰਦਾਸਪੁਰ ਸ਼ਹਿਰ, ਦੀਨਾਨਗਰ, ਧਾਰੀਵਾਲ ਅਤੇ ਕਲਾਨੌਰ ਦੇ ਸਮੂਹ ਰੇਡਿਓਲੋਜਿਸਟ ਅਤੇ ਸੋਨੋਲੋਜਿਸਟ ਹਾਜ਼ਰ ਹੋਏ।
ਮੀਟਿੰਗ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਗੁਰਦਾਸਪੁਰ ਡਾ. ਤੇਜਿੰਦਰ ਕੋਰ ਨੇ ਦੱਸਿਆ ਕਿ ਪ੍ਰੀ ਕਨਸੈਪਸ਼ਨ ਅਤੇ ਪ੍ਰੀ ਨੇਟਲ ਡਾਇਗਨੋਸੱਟਿਕ ਤਕਨੀਕ ਐਕਟ ਦੇ ਅਧੀਨ ਸਰਕਾਰ ਵੱਲੋਂ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਸਖਤ ਰੋਕ ਲਗਾਈ ਗਈ ਹੈ। ਗੈਰ ਕਾਨੂੰਨੀ ਤੋਰ `ਤੇ ਅਗਰ ਕੋਈ ਅਲਟਰਾ ਸਾਊਂਡ ਕਰਦਾ ਜਾਂ ਕਰਵਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਸੈਂਟਰ ਦੇ ਡਾਕਟਰ ਸਮੇਤ ਲੈਬ ਕਰਮਚਾਰੀ ਅਤੇ ਕਰਵਾਉਣ ਵਾਲੇ ਜੋੜੇ ਨੂੰ ਤਿੰਨ ਤੋਂ ਪੰਜ ਸਾਲ ਦੀ ਸਜ਼ਾ ਦੇ ਨਾਲ 10 ਹਜ਼ਾਰ ਤੋਂ 50000 ਹਜ਼ਾਰ ਦਾ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਸਮੂਹ ਰੇਡਿਓਲੋਜਿਸਟ ਅਤੇ ਸੋਨੋਲੋਜਿਸਟ ਨੂੰ ਹਦਾਇਤ ਕੀਤੀ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਅਗਰ ਕੋਈ ਇਸ ਤਰਾ ਦੇ ਕੇਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦੇਵੇਗਾ ਤਾਂ ਉਸਨੂੰ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਵੱਲੋਂ ਇਨਾਮ ਦਿੱਤਾ ਜਾਵੇਗਾ ਅਤੇ ਉਸਦਾ ਨਾਮ, ਪਤਾ ਗੁਪਤ ਰੱਖਿਆ ਜਾਵੇਗਾ।
ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਨੇ ਕਿਹਾ ਕਿ ਸਿਹਤ ਵਿਭਾਗ ਗੁਰਦਾਸਪੁਰ ਵੱਲੋਂ ਸਾਰੇ ਅਲਟਰਾ ਸਾਊਂਡ ਸਕੈਨ ਸੈਂਟਰਾਂ ਵਿੱਚ ਆਈ.ਈ.ਸੀ. ਮੀਟਿਰੀਅਲ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਬਾਲ ਭਵਨ ਗੁਰਦਾਸਪੁਰ ਦੇ ਬਾਹਰਵਾਰ ਅਤੇ ਸਿਵਲ ਹਸਪਤਾਲ ਬਟਾਲਾ ਵਿਖੇ ਪੰਘੂੜੇ ਸਥਾਪਤ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਲੋਕ ਬੱਚਿਆਂ ਨੂੰ ਅਪਣਾਉਣਾ ਨਹੀ ਚਾਹੁੰਦੇ ਉਹ ਬੱਚੇ ਨੂੰ ਏਧਰ-ਓਧਰ ਸੁੱਟਣ ਦੀ ਬਜਾਏ ਪੰਘੂੜੇ ਵਿੱਚ ਪਾ ਜਾਣ। ਉਨ੍ਹਾਂ ਕਿਹਾ ਕਿ ਪੰਘੂੜੇ ਵਿੱਚ ਰੱਖੇ ਬੱਚੇ ਦੀ ਪਰਵਰਿਸ਼ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ, ਜ਼ਿਲ੍ਹਾ ਡੈਂਟਲ ਹੈਲਥ ਅਫਸਰ ਡਾ.ਲੋਕੇਸ਼, ਪੀ.ਐਨ.ਡੀ.ਟੀ. ਕੋਆਰਡੀਨੇਟਰ ਸ੍ਰੀ ਹਰਦੇਵ ਸਿੰਘ ਅਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਤੇ ਹੋਰ ਸਿਹਤ ਅਧਿਕਾਰੀ ਵੀ ਹਾਜ਼ਰ ਸਨ।