ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਵਿਰਸੇ ਤੋਂ ਰੁਜ਼ਗਾਰ ਤੱਕ: ਨਵਾਂ ਪਿੰਡ ਸਰਦਾਰਾਂ ਦੀਆਂ ਧੀਆਂ ਨੇ ਆਪਣੇ ਪਿੰਡ ਨੂੰ ਟੂਰਿਜ਼ਮ ਦੇ ਮੈਪ `ਤੇ ਲਿਆਂਦਾ

ਵਿਰਸੇ ਤੋਂ ਰੁਜ਼ਗਾਰ ਤੱਕ: ਨਵਾਂ ਪਿੰਡ ਸਰਦਾਰਾਂ ਦੀਆਂ ਧੀਆਂ ਨੇ ਆਪਣੇ ਪਿੰਡ ਨੂੰ ਟੂਰਿਜ਼ਮ ਦੇ ਮੈਪ `ਤੇ ਲਿਆਂਦਾ
  • PublishedSeptember 16, 2023

ਪਿੰਡ ਵਿੱਚ ਟੂਰਿਜ਼ਮ ਦੇ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਲਿਖੀ ਸਫ਼ਲਤਾ ਦੀ ਇਬਾਰਤ

ਗੁਰਦਾਸਪੁਰ, 16 ਸਤੰਬਰ 2023 (ਇੰਦਰਜੀਤ ਸਿੰਘ ਹਰਪੁਰਾ)। ਆਪਣੇ ਵਿਰਸੇ ਦੀ ਸੰਭਾਲ, ਇਸਨੂੰ ਟੂਰਿਜ਼ਮ ਦੇ ਮੈਪ ਤੇ ਲਿਆਉਣਾ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਉਦਾਹਰਨ ਜੇ ਕਿਤੇ ਦੇਖਣੀ ਹੋਵੇ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਅਪਰਬਾਰੀ ਦੁਆਬ ਨਹਿਰ ਕੰਢੇ ਵੱਸੇ ਪਿੰਡ ਨਵਾਂ ਪਿੰਡ ਸਰਦਾਰਾਂ ਚ ਦੇਖੀ ਜਾ ਸਕਦੀ ਹੈ। ਅੰਗਰੇਜ਼ ਰਾਜ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਿੰਘਪੁਰਾ ਦੇ ਸਰਦਾਰਾਂ ਦੁਆਰਾ ਬੱਬੇਹਾਲੀ ਤੋਂ ਥੋੜੀ ਦੂਰ ਅਪਰਬਾਰੀ ਦੁਆਬ ਨਹਿਰ ਕੰਢੇ ਵਸਾਏ ਗਏ ਪਿੰਡ ਦਾ ਨਾਮ ਵੀਨਵਾਂ ਪਿੰਡ ਸਰਦਾਰਾਂ` ਪੈ ਗਿਆ। ਸਰਦਾਰਾਂ ਨੇ ਜਿਥੇ ਆਪ ਇਸ ਪਿੰਡ ਵਿਚ ਉਸ ਸਮੇਂ ਦੇ ਬ੍ਰਿਟਿਸ਼ ਅਤੇ ਭਾਰਤੀ ਡਿਜ਼ਾਇਨ ਦੀਆਂ ਖੂਬਸੂਰਤ ਹਵੇਲੀਆਂ ਬਣਾਈਆਂ ਓਥੇ ਇਸ ਪਿੰਡ ਵਿੱਚ ਵੱਸੇ ਹੋਰ ਕੰਮੀਆਂ ਨੇ ਵੀ ਆਪਣੇ ਘਰ ਬਣਾ ਲਏ।

ਅੱਜ ਵੀ ਇਸ ਪਿੰਡ ਵਿੱਚ ਸਿੰਘਪੁਰਾ ਦੇ ਸਰਦਾਰਾਂ ਦੇ ਪਰਿਵਾਰ ਰਹਿੰਦੇ ਹਨ ਅਤੇ ਬਾਕੀ ਦੇ ਪਿੰਡ ਵਿੱਚ ਵੀ ਉਸ ਸਮੇਂ ਵੱਸੇ ਕੰਮੀਆਂ ਦੇ ਅੱਗੋਂ ਪਰਿਵਾਰ ਅਬਾਦ ਹਨ। ਅਬਾਦੀ ਦੇ ਲਿਹਾਜ਼ ਨਾਲ ਇਹ ਪਿੰਡ ਭਾਂਵੇ ਬਹੁਤਾ ਵੱਡਾ ਨਹੀਂ ਹੈ ਪਰ ਆਪਣੇ ਵਿਰਸੇ ਦੀ ਸੰਭਾਲ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਮਾਮਲੇ ਵਿੱਚ ਇਹ ਪਿੰਡ ਜਰੂਰ ਵੱਡਿਆਂ ਵਿੱਚ ਗਿਣਿਆ ਜਾਂਦਾ ਹੈ।

ਨਵਾਂ ਪਿੰਡ ਸਰਦਾਰਾਂ ਨੂੰ ਟੂਰਿਜ਼ਮ ਦੇ ਮੈਪ `ਤੇ ਲਿਆਉਣ ਲਈ ਪਿੰਡ ਦੇ ਸਰਦਾਰ ਗੁਰਪ੍ਰੀਤ ਸਿੰਘ ਸੰਘਾ ਜੋ ਕਿ ਭਾਰਤੀ ਹਵਾਈ ਫ਼ੌਜ ਵਿੱਚ ਪਾਇਲਟ ਸਨ ਉਨ੍ਹਾਂ ਦੀ ਪਤਨੀ ਸਤਵੰਤ ਕੌਰ ਸੰਘਾ ਅਤੇ ਉਸਦੀਆਂ ਧੀਆਂ ਸਿਮਰਨ ਸੰਘਾ, ਗੁਰਮੀਤ ਰਾਏ, ਮਨਪ੍ਰੀਤ ਸੰਘਾ, ਗੀਤਾ ਸੰਘਾ ਅਤੇ ਨੂਰ ਸੰਘਾ ਦਾ ਅਹਿਮ ਯੋਗਦਾਨ ਹੈ।

ਕਰੀਬ ਦੋ ਦਹਾਕੇ ਪਹਿਲਾਂ ਇਨ੍ਹਾਂ ਸੰਘਾ ਭੈਣਾਂ ਨੇ ਜਿਥੇ ਆਪਣੀ ਪਿਤਾ ਪੁਰਖੀ ਵਿਰਾਸਤੀ ਹਵੇਲੀਆਂ ਨੂੰ ਸੰਭਾਲਣਾਂ ਸ਼ੁਰੂ ਕੀਤਾ ਓਥੇ ਸੈਰ-ਸਪਾਟਾ ਵਿਭਾਗ ਨਾਲ ਤਾਲਮੇਲ ਕਰਕੇ ਆਪਣੇ ਪਿੰਡ ਨੂੰ ਰੂਰਲ ਟੂਰਿਜ਼ਮ ਦੇ ਤੌਰ ਉਭਾਰਿਆ। ਪਿੰਡ ਦੀਆਂ ਅੰਗਰੇਜ਼ ਰਾਜ ਸਮੇਂ ਦੀਆਂ ਸਰਦਾਰਾਂ ਦੀ ਹਵੇਲੀਆਂ ਨੂੰ ਸੈਲਾਨੀਆਂ ਦੇ ਠਹਿਰਨ ਲਈ ਵਿਕਸਤ ਕੀਤਾ ਗਿਆ। ਇਨ੍ਹਾਂ ਵਿਰਾਸਤੀ ਹਵੇਲੀਆਂ ਵਿੱਚ ਇੱਕ ਦਾ ਨਾਮ ਦਾ ਕੋਠੀ ਅਤੇ ਦੂਜੀ ਦਾ ਨਾਮ ਪਿੱਪਲ ਹਵੇਲੀ ਹੈ।

ਇਨ੍ਹਾਂ ਯਤਨਾ ਦਾ ਨਤੀਜਾ ਇਹ ਨਿਕਲਿਆ ਕਿ ਦੇਸ਼ ਦੇ ਦੂਸਰੇ ਸੂਬਿਆਂ ਅਤੇ ਵਿਦੇਸ਼ੀ ਸੈਲਾਨੀ ਜੋ ਪੰਜਾਬ ਦੇ ਪਿੰਡਾਂ ਨੂੰ ਨੇੜੇ ਤੋਂ ਦੇਖਣਾ ਚਾਹੁੰਦੇ ਹਨ ਉਹ ਇਥੇ ਆਉਣੇ ਸ਼ੁਰੂ ਹੋ ਗਏ। ਸੈਲਾਨੀਆਂ ਦੀ ਆਮਦ ਤੋਂ ਜੋ ਆਮਦਨ ਹੋਣੀ ਸ਼ੁਰੂ ਹੋਈ ਉਸ ਨਾਲ ਇਨ੍ਹਾਂ ਸੰਘਾ ਭੈਣਾਂ ਨੇ ਆਪਣੀਆਂ ਹਵੇਲੀਆਂ ਦੇ ਰੱਖ-ਰਖਾਵ ਅਤੇ ਹੋਰ ਸਹੂਲਤਾਂ ਵਿੱਚ ਵਾਧਾ ਕੀਤਾ। ਗੁਰਦਾਸਪੁਰ ਸ਼ਹਿਰ ਤੋਂ ਕਰੀਬ 10 ਕਿਲੋਮੀਟਰ ਦੂਰ ਇਹ ਪਿੰਡ ਆਪਣੀ ਵਿਰਾਸਤ ਅਤੇ ਪੇਂਡੂ ਸੱਭਿਆਚਾਰ ਦੀ ਖੂਬਸੂਰਤੀ ਲਈ ਹੁਣ ਦੁਨੀਆਂ ਵਿੱਚ ਜਾਣਿਆ ਜਾਣ ਲੱਗਾ ਹੈ।

ਪਿੰਡ ਦੀਆਂ ਇਨ੍ਹਾਂ ਵਿਰਾਸਤੀ ਹਵੇਲੀਆਂ ਦੀ ਖੂਬਸੂਰਤੀ ਦੇਖਿਆਂ ਹੀ ਬਣਦੀ ਹੈ। ਇਨ੍ਹਾਂ ਹਵੇਲੀਆਂ ਦੇ ਕਮਰੇ ਕਿਸੇ ਪੰਜ-ਤਾਰਾ ਹੋਟਲ ਤੋਂ ਘੱਟ ਨਹੀਂ ਹਨ। ਸ਼ਹਿਰ ਦੀ ਭੱਜ-ਦੌੜ ਤੋਂ ਦੂਰ, ਨਹਿਰ ਕੰਢੇ ਅਬਾਦ, ਸ਼ਾਂਤਮਈ ਪੰਜਾਬੀ ਤੇ ਪੇਂਡੂ ਸੱਭਿਆਚਾਰ ਨਾਲ ਓਤ-ਪੋਤ ਇਸ ਪਿੰਡ ਵਿਚੋਂ ਅਸਲੀ ਪੰਜਾਬ ਨੂੰ ਦੇਖਿਆ ਜਾ ਸਕਦਾ ਹੈ। ਜਦੋਂ ਵਿਦੇਸ਼ੀ ਸੈਲਾਨੀ ਇਸ ਪਿੰਡ ਕੁਝ ਦਿਨ ਠਹਿਰਨ ਲਈ ਆਉਂਦੇ ਹਨ ਤਾਂ ਪਿੰਡ ਦੇ ਵਸਨੀਕਾਂ ਵੱਲੋਂ ਉਨ੍ਹਾਂ ਦੀ ਪੂਰੀ ਮਹਿਮਾਨ ਨਿਵਾਜੀ ਕੀਤੀ ਜਾਂਦੀ ਹੈ। ਪਿੰਡ ਦੇ ਵਸਨੀਕ ਵੀ ਆਪਣੇ ਪਿੰਡ ਦੀ ਪ੍ਰਸਿੱਧੀ ਤੋਂ ਖੁਸ਼ ਹਨ।

ਸੰਨੀ ਦਿਓਲ ਨੇ ਜਦੋਂ ਗੁਰਦਾਸਪੁਰ ਲੋਕ ਸਭਾ ਚੋਣ ਲੜੀ ਸੀ ਤਾਂ ਉਸ ਨੇ ਵੀ ਚੋਣ ਪ੍ਰਚਾਰ ਦੌਰਾਨ ਆਪਣੀ ਰਿਹਾਇਸ਼ ਨਵਾਂ ਪਿੰਡ ਸਰਦਾਰਾਂ ਦੀ ਇਸ ਕੋਠੀ ਵਿੱਚ ਰੱਖਿਆ ਸੀ।

ਸੰਘਾ ਭੈਣਾਂ ਨੇ ਆਪਣੇ ਪਿੰਡ ਨੂੰ ਸਿਰਫ ਟੂਰਿਜ਼ਮ ਮੈਪ `ਤੇ ਹੀ ਨਹੀਂ ਲਿਆਂਦਾ, ਸਗੋਂ ਉਹ ਆਪਣੇ ਪਿੰਡ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਵੀ ਕਾਮਯਾਬ ਵੀ ਹੋਈਆਂ ਹਨ। ਇਨ੍ਹਾਂ ਭੈਣਾਂ ਦੀ ਪ੍ਰੇਰਨਾ ਸਦਕਾ ਪਿੰਡ ਵਿੱਚ ਲੜਕੀਆਂ ਅਤੇ ਔਰਤਾਂ ਨੇ ਸਵੈ ਸਹਾਇਤਾ ਸਮੂਹ ਬਣਾਏ ਹਨ ਜੋ ਕਿ ਹੈਂਡੀਕਰਾਫਟ ਦੀਆਂ ਵੱਖ-ਵੱਖ ਵਸਤਾਂ ਤਿਆਰ ਕਰਦੀਆਂ ਹਨ। ਇਨ੍ਹਾਂ ਵਸਤਾਂ ਨੂੰ ਜਿਥੇ ਪਿੰਡ ਆਏ ਸੈਲਾਨੀ ਖਰੀਦ ਲੈਂਦੇ ਹਨ ਓਥੇ ਆਨ-ਲਾਈਨ ਅਤੇ ਕਰਾਫਟਸ ਪ੍ਰਦਰਸ਼ਨੀਆਂ ਵਿੱਚ ਵੀ ਇਨ੍ਹਾਂ ਦੀ ਵਿਕਰੀ ਹੋਣ ਨਾਲ ਪਿੰਡ ਦੀਆਂ ਔਰਤਾਂ ਨੂੰ ਆਮਦਨ ਹੋ ਰਹੀ ਹੈ।

ਸਿਮਰਨ ਸੰਘਾ ਨੇ ਆਪਣੀ ਹਵੇਲੀ ਨਾਲ ਇੱਕ ਬੱਕਰੀ ਪਾਲਣ ਦਾ ਫਾਰਮ ਵੀ ਸ਼ੁਰੂ ਕੀਤਾ ਹੈ। ਇਸ ਫਾਰਮ ਵਿੱਚ ਉਨ੍ਹਾਂ ਪਿੰਡ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਉਹ ਭਵਿੱਖ ਵਿੱਚ ਆਪਣੇ ਇਸ ਫਾਰਮ ਦਾ ਹੋਰ ਵੀ ਵਿਸਥਾਰ ਕਰਨਾ ਚਾਹੁੰਦੇ ਹਨ।

ਨਵਾਂ ਪਿੰਡ ਸਰਦਾਰਾਂ ਜਿਥੇ ਹੁਣ ਟੂਰਿਜ਼ਮ ਦੇ ਪੱਖ ਤੋਂ ਦੇਸ਼ ਅਤੇ ਸੂਬੇ ਦੇ ਟਰਿਜ਼ਮ ਮੈਪ `ਤੇ ਆਪਣਾ ਅਹਿਮ ਸਥਾਨ ਰੱਖਦਾ ਹੈ ਓਥੇ ਹੈਂਡੀਕਰਾਫਟ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਨਾਲ ਪਿੰਡ ਦੇ ਨੌਜਵਾਨਾਂ, ਲੜਕੀਆਂ ਅਤੇ ਔਤਰਾਂ ਵਿੱਚ ਉਤਸ਼ਾਹ ਦੇਖਿਆ ਜਾ ਸਕਦਾ ਹੈ।

ਨਵਾਂ ਪਿੰਡ ਸਰਦਾਰਾਂ ਵੱਲੋਂ ਆਪਣੀ ਵਿਰਾਸਤ ਦੀ ਸੰਭਾਲ ਅਤੇ ਇਸਦੇ ਪਸਾਰ ਤੇ ਪ੍ਰਚਾਰ ਦੇ ਕੀਤੇ ਯਤਨ ਉਹ ਉਦਾਹਰਨ ਹੈ ਜਿਸ ਤੋਂ ਸੇਧ ਲੈ ਕੇ ਆਪਣੇ ਵਿਰਸੇ ਤੇ ਵਿਰਾਸਤ ਨੂੰ ਬਚਾਇਆ ਜਾ ਸਕਦਾ ਹੈ। ਬੱਸ ਲੋੜ ਹੈ ਕੁਝ ਵੱਡਾ ਸੋਚਣ ਅਤੇ ਕਰਨ ਦੀ।

Written By
The Punjab Wire