ਡਿਲੀਵਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਗੁਰਦਾਸਪੁਰ, 8 ਸਤੰਬਰ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ‘ਚ ਉਸ ਸਮੇਂ ਅਜੀਬ ਸਥਿਤੀ ਪੈਦਾ ਹੋ ਗਈ ਜਦੋਂ ਹਸਪਤਾਲ ਦੇ ਜਨ ਔਸ਼ਧੀ ਕੇਂਦਰ ਦੇ ਬਾਹਰ ਗਰਭਵਤੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਔਰਤ ਦੇ ਪਤੀ ਨੇ ਬੱਚੇ ਦੀ ਦੇਖਭਾਲ ਕੀਤੀ ਅਤੇ ਇਕ ਹੋਰ ਔਰਤ ਦੀ ਮਦਦ ਨਾਲ ਨਵਜੰਮੇ ਬੱਚੇ ਨੂੰ ਨਰਸਿੰਗ ਸਟਾਫ ਕੋਲ ਲੈ ਗਿਆ। ਬੱਚੇ ਦੀ ਡਿਲੀਵਰੀ ਦੀ ਇਹ ਪੂਰੀ ਘਟਨਾ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।ਫਿਲਹਾਲ ਡਾਕਟਰਾਂ ਨੇ ਇਸ ਔਰਤ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ ਅਤੇ ਫਿਲਹਾਲ ਮਾਂ ਅਤੇ ਬੱਚਾ ਦੋਵੇਂ ਠੀਕ ਹਨ।
ਜਾਣਕਾਰੀ ਦਿੰਦਿਆਂ ਗਰਭਵਤੀ ਔਰਤ ਲਕਸ਼ਮੀ ਜੋ ਕੀ ਹਰ ਹਫਤੇ ਹਸਪਤਾਲ ਆਉਂਦੀ ਸੀ ਦੇ ਪਤੀ ਸ਼ੁਭਮ ਨੇ ਦੱਸਿਆ ਕਿ ਉਹ ਧਾਰੀਵਾਲ ਦਾ ਰਹਿਣ ਵਾਲਾ ਹੈ ਅਤੇ ਉਸਦੀ ਪਤਨੀ 9 ਮਹੀਨੇ ਦੀ ਗਰਭਵਤੀ ਹੈ। ਵੀਰਵਾਰ ਨੂੰ ਅਚਾਨਕ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ ਗਿਆ ਅਤੇ ਜਦੋਂ ਉਹ ਸਿਵਲ ਹਸਪਤਾਲ ਦੇ ਜਨ ਔਸ਼ਧੀ ਕੇਂਦਰ ਨੇੜੇ ਪਹੁੰਚਿਆ ਤਾਂ ਉਸ ਦੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ। ਇਸ ਤੋਂ ਪਹਿਲਾਂ ਕਿ ਉਹ ਕਿਸੇ ਨੂੰ ਬੁਲਾਵੇ, ਉਸ ਦੀ ਪਤਨੀ ਨੇ ਜਨ ਔਸ਼ਧੀ ਕੇਂਦਰ ਦੇ ਬਾਹਰ ਬੱਚੇ ਨੂੰ ਜਨਮ ਦਿੱਤਾ ਅਤੇ ਉਸ ਨੇ ਬੱਚੇ ਦੀ ਦੇਖਭਾਲ ਕੀਤੀ ਅਤੇ ਹਸਪਤਾਲ ਵਿੱਚ ਇੱਕ ਔਰਤ ਦੀ ਮਦਦ ਨਾਲ ਬੱਚੇ ਨੂੰ ਚੁੰਨੀ ਵਿੱਚ ਲਪੇਟ ਕੇ ਲੇਬਰ ਰੂਮ ਵਿੱਚ ਲੈ ਗਿਆ। ਇਸ ਤੋਂ ਬਾਅਦ ਸਟਾਫ ਨਰਸਾਂ ਨੇ ਤੁਰੰਤ ਬੱਚੇ ਅਤੇ ਮਾਂ ਦਾ ਇਲਾਜ ਕਰਵਾਇਆ। ਦੂਜੇ ਪਾਸੇ ਡਾਕਟਰ ਦਾ ਕਹਿਣਾ ਹੈ ਕਿ ਮਾਂ ਅਤੇ ਬੱਚਾ ਦੋਵੇਂ ਠੀਕ ਹਨ।ਬੱਚੇ ਦੀ ਡਿਲੀਵਰੀ ਹੋਣ ਵਾਲੀ ਸੀ ਪਰ ਦਰਦ ਕਾਰਨ ਔਰਤ ਨੇ ਸਮੇਂ ਤੋਂ ਪਹਿਲਾਂ ਬੱਚੇ ਨੂੰ ਜਨਮ ਦੇ ਦਿੱਤਾ।ਜਿਸ ਤੋਂ ਬਾਅਦ ਮਾਂ ਅਤੇ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ।