ਸ਼ਹਿਰ ਵਾਸੀਆਂ ਦੇ ਰੋਹ ਨੂੰ ਮੁੱਖ ਰੱਖ ਪੁਲੀਸ ਨੇ ਦੇਰ ਰਾਤ ਡੇਢ ਵਜ਼ੇ ਦੇ ਕਰੀਬ ਕੀਤਾ ਮਾਮਲਾ ਦਰਜ
ਗੁਰਦਾਸਪੁਰ, 1 ਸਿਤੰਬਰ 2023 (ਦੀ ਪੰਜਾਬ ਵਾਇਰ)। ਜਨਮ ਅਸ਼ਟਮੀ ਸਬੰਧੀ ਇਕ ਧਾਰਮਿਕ ਸੰਸਥਾ ਵੱਲੋਂ ਲਗਾਏ ਗਏ ਫਲੈਕਸ ਬੋਰਡ ਫਾੜ ਕੇ ਲਾਉਣ ਦੇ ਦੋਸ਼ ਹੇਠ ਥਾਣਾ ਸਿਟੀ ਪੁਲੀਸ ਨੇ ਨਗਰ ਕੌਂਸਲ ਦੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਦੋ ਨੂੰ ਨਾਮਜ਼ਦ ਕੀਤਾ ਗਿਆ ਹੈ ਜਦਕਿ ਦੋ ਨੂੰ ਅਣਪਛਾਤਾ ਰੱਖਿਆ ਗਿਆ ਹੈ ਅਤੇ ਲੋਕਾਂ ਦੇ ਰੋਹ ਨੂੰ ਵੇਖਦੇ ਹੋਏ ਰਾਤ ਕਰੀਬ ਡੇਢ ਵਜੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਧਮਕੀਆਂ ਦੇਣ ਦੀਆਂ ਧਾਰਾਵਾਂ ਦਰਜ ਕੀਤੀਆਂ ਗਈਆਂ ਹਨ। ਸ਼ਿਕਾਇਤਕਰਤਾ ਵੱਲੋਂ ਇਸ ਕੇਸ ਵਿੱਚ ਹਲਕੇ ਦੇ ਵਿਧਾਇਕ ਦੇ ਭਰਾ ਜੋਕਿ ਨਗਰ ਕੌਸਿਲ ਦਾ ਪ੍ਰਧਾਨ ਵੀ ਹੈ ਤੇ ਵੀ ਗੰਭੀਰ ਦੌਸ ਲਗਾਏ ਗਏ ਹਨ। ਪਰ ਅਗੇਤੀ ਜਾਂਚ ਵਿੱਚ ਉਹਨਾਂ ਦਾ ਕੋਈ ਰੋਲ ਨਾ ਹੋਣ ਦੇ ਚਲਦੇ ਫਿਲਹਾਲ ਪੁਲਿਸ ਬਾਰੀਕੀ ਨਾਲ ਛਾਣਬੀਣ ਕਰ ਰਹੀ ਹੈ। ਪੁਲਿਸ ਦੇ ਉਚ ਅਧਿਕਾਰੀਆਂ ਨੇ ਬੇਸ਼ਕ ਫਿਲਹਾਲ ਮੂੰਹ ਤੇ ਚੁੱਪੀ ਧਾਰਨ ਕਰ ਰੱਖੀ ਹੈ ਅਤੇ ਕੁਝ ਵੀ ਕਹਿਣ ਸੁੁਨਣ ਤੋਂ ਇੰਕਾਰ ਕੀਤਾ ਜਾ ਰਿਹਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਜਾਂਚ ਰਹੇ ਹੈ ਕਿਉਕਿ ਇਹ ਬੇਹਦ ਸੰਵੇਦਨਸ਼ੀਲ ਮੁੱਦਾ ਹੈ।
ਸ਼ਿਕਾਇਤਕਰਤਾ ਅਨੂ ਗੰਡੋਤਰਾ ਵਾਸੀ ਨੰਗਲ ਕੋਟਲੀ ਨੇ ਦੱਸਿਆ ਕਿ ਉਸ ਦੀ ਧਾਰਮਿਕ ਸੰਸਥਾ ਸਨਾਤਨ ਚੇਤਨਾ ਮੰਚ 6 ਸਤੰਬਰ 2023 ਨੂੰ ਧਾਰਮਿਕ ਪ੍ਰੋਗਰਾਮ ਕਰਨ ਜਾ ਰਹੀ ਸੀ। ਜਿਸ ਦੇ ਚਲਦੇ ਸ਼ਹਿਰ ਵਿੱਚ ਧਾਰਮਿਕ ਬੋਰਡ ਲਗਾਏ ਜਾ ਰਹੇ ਸਨ। ਜਿਸ ਨੂੰ ਹਰੀਸ਼ ਅਤੇ ਉਸਦੇ ਦੋ ਸਾਥੀਆਂ ਨੇ ਫਾੜ ਕੇ ਲਾਇਆ ਅਤੇ ਨੁਕਸਾਨ ਪਹੁੰਚਾਇਆ ਅਤੇ ਵਰਕਰਾਂ ਨੂੰ ਧਮਕੀ ਦਿੱਤੀ। ਇਸੇ ਤਰ੍ਹਾਂ ਸ਼ਾਮ 5 ਵਜੇ ਫਿਸ਼ ਪਾਰਕ ਵਿਖੇ ਗੌਰਵ ਨਾਂ ਦੇ ਲੜਕੇ ਨੂੰ ਫਲੈਕਸ ਪਾੜਦੇ ਹੋਏ ਫੜ ਲਿਆ। ਗੌਰਵ ਨੇ ਕਿਹਾ ਕਿ ਉਸ ਨੂੰ ਬਲਜੀਤ ਪਾਹੜਾ ਨੇ ਕਿਹਾ ਹੈ। ਜਿਸ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਦੂਜੇ ਪਾਸੇ ਪੁਲੀਸ ਵੱਲੋਂ ਹਰੀਸ਼ ਅਤੇ ਗੌਰਵ ਖ਼ਿਲਾਫ਼ ਆਈਪੀਸੀ ਦੀ ਧਾਰਾ 295, 506 ਅਤੇ 34 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਦਰਜ ਕੀਤੀ ਗਈ ਐਫਆਈਆਰ ਅਨੁਸਾਰ ਮੁੱਢਲੀ ਜਾਂਚ ਵਿੱਚ ਪੁਲੀਸ ਨੇ ਗੌਰਵ ਅਤੇ ਹਰੀਸ਼ ਦੇ ਮੋਬਾਈਲਾਂ ਦੀ ਜਾਂਚ ਕਰਨ ’ਤੇ ਬਲਜੀਤ ਸਿੰਘ ਪਾਹੜਾ ਦੀ ਕੋਈ ਕਾਲ ਨਹੀਂ ਪਾਈ ਗਈ। ਪਰ ਬਲਜੀਤ ਸਿੰਘ ਪਾਹੜਾ ਦੇ ਖਿਲਾਫ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ, ਉਹੀ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਜਥੇਬੰਦੀ ਨੂੰ ਕੇਸ ਦਰਜ ਕਰਵਾਉਣ ਲਈ ਸਖ਼ਤ ਜੱਦੋ-ਜਹਿਦ ਕਰਨੀ ਪਈ ਅਤੇ ਜਦੋਂ ਸਥਿਤੀ ਤਣਾਅਪੂਰਨ ਹੋ ਗਈ ਤਾਂ ਆਮ ਆਦਮੀ ਪਾਰਟੀ ਦੇ ਆਗੂ ਤੇ ਚੇਅਰਮੈਨ ਰਮਨ ਬਹਿਲ ਅਤੇ ਜਗਰੂਪ ਸਿੰਘ ਸੇਖਵਾਂ ਵੀ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦੇਣ ਲਈ ਥਾਣੇ ਵਿੱਚ ਮੌਜੂਦ ਸਨ। ਮਾਮਲੇ ਵਿੱਚ ਕਾਰਵਾਈ ਜਿਸ ਤੋਂ ਬਾਅਦ ਥਾਣਾ ਸਿਟੀ ਦੀ ਪੁਲਸ ਨੇ ਦੇਰ ਰਾਤ ਕਰੀਬ ਡੇਢ ਵਜੇ ਮਾਮਲਾ ਦਰਜ ਕੀਤਾ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ਹਿਰ ਅੰਦਰ ਫਲੈਕਸ ਬੋਰਡ ਲਗਾਉਣ ਲਈ ਪਹਿਲ੍ਹਾ ਨਗਰ ਕੌਂਸਿਲ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਅਤੇ ਕੁਝ ਤਹਿਸ਼ੁਦਾ ਰਕਮ ਦੀ ਅਦਾਇਗੀ ਕਰਨੀ ਪੈਂਦੀ ਹੈ। ਪਰ ਇੱਕ ਪੱਖ ਦਾ ਕਹਿਣਾ ਹੈ ਕਿ ਲੋਕ ਧਾਰਮਿਕ ਤਿਉਹਾਰਾਂ ਦੇ ਚਲਦੇ ਧਾਰਮਿਕ ਫੋਟੋਆ ਦੇ ਨਾਲ ਨਾਲ ਆਪਣੀਆਂ ਫੋਟੋੋਆ ਲਗਾ ਕੇ ਮੁਫ਼ਤ ਵਿੱਚ ਪੁੰਨ ਨਾਲੇ ਫਲਿਆਂ ਭਾਲਦੇ ਹਨ। ਜਦਕੀ ਦੂਜੇ ਪੱਖ ਜਿਸਦੀ ਤਾਦਾਦ ਜਿਆਦਾ ਹੈ ਦਾ ਕਹਿਣਾ ਹੈ ਕਿ ਧਾਰਮਿਕ ਤਿਓਹਾਰਾਂ ਤੇ ਫਲੈਕਸ ਲਗਾਉਣ ਲਈ ਕੋਈ ਫ਼ੀਸ ਨਹੀਂ ਹੋਣੀ ਚਾਹੀਦੀ।