ਗੁਰਦਾਸਪੁਰ ਪੰਜਾਬ

ਪਿੰਡ ਬਲੱਗਣ ਵਿਖੇ ਬਾਬਾ ਕੇਸੋ ਸ਼ਾਹ ਵਾਲੀ ਜੀ ਦਾ ਸਲਾਨਾ ਜੋੜ ਮੇਲਾ ਪੂਰੇ ਉਤਸ਼ਾਹ ਨਾਲ ਮਨਾਇਆ

ਪਿੰਡ ਬਲੱਗਣ ਵਿਖੇ ਬਾਬਾ ਕੇਸੋ ਸ਼ਾਹ ਵਾਲੀ ਜੀ ਦਾ ਸਲਾਨਾ ਜੋੜ ਮੇਲਾ ਪੂਰੇ ਉਤਸ਼ਾਹ ਨਾਲ ਮਨਾਇਆ
  • PublishedAugust 28, 2023

ਚੇਅਰਮੈਨ ਰਮਨ ਬਹਿਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਇਹ ਮੇਲੇ ਸਾਡੇ ਪੰਜਾਬ ਦਾ ਅਮੀਰ ਸਰਮਾਇਆ – ਰਮਨ ਬਹਿਲ

ਗੁਰਦਾਸਪੁਰ, 28 ਅਗਸਤ 2023 (ਦੀ ਪੰਜਾਬ ਵਾਇਰ ) । ਧੰਨ-ਧੰਨ ਬਾਬਾ ਕੇਸੋ ਸ਼ਾਹ ਵਾਲੀ ਜੀ ਦਾ ਸਲਾਨਾ ਜੋੜ ਮੇਲਾ ਅੱਜ ਪਿੰਡ ਬਲੱਗਣ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਬਾਬਾ ਕੇਸੋ ਸ਼ਾਹ ਦੀ ਦਰਗਾਹ ਉੱਪਰ ਮੱਥਾ ਟੇਕਿਆ ਅਤੇ ਨਾਲ ਹੀ ਸੱਭਿਆਚਾਰਕ ਮੇਲੇ ਦੀ ਪ੍ਰਧਾਨਗੀ ਕੀਤੀ।

ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀ ਇਲਾਕੇ ਦੀ ਸੰਗਤ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਹ ਮੇਲੇ ਸਾਡੇ ਪੰਜਾਬ ਦਾ ਅਮੀਰ ਸਰਮਾਇਆ ਹਨ। ਉਨ੍ਹਾਂ ਕਿਹਾ ਕਿ ਇਹ ਮੇਲੇ ਸਾਨੂੰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਆਪਸੀ ਪਿਆਰ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਵੀ ਸੱਭਿਆਚਾਰਕ ਅਤੇ ਖੇਡ ਮੇਲਿਆਂ ਨੂੰ ਉਤਸ਼ਾਹਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 29 ਅਗਸਤ ਤੋਂ ਸੂਬੇ ਭਰ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦਾ ਮਹਾਂਕੁੰਭ ਸ਼ੁਰੂ ਹੋ ਰਿਹਾ ਹੈ ਜੋ ਸਾਡੇ ਸੂਬੇ ਦੀ ਜਵਾਨੀ ਨੂੰ ਖੇਡਾਂ ਨਾਲ ਜੋੜੇਗਾ।

ਇਸ ਮੌਕੇ ਉਨ੍ਹਾਂ ਪਿੰਡ ਬਲੱਗਣ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੇ ਮਸਲੇ ਪਹਿਲ ਦੇ ਅਧਾਰ ’ਤੇ ਹੱਲ ਕੀਤੇ ਜਾ ਰਹੇ ਹਨ ਅਤੇ ਪਿੰਡ ਬਲੱਗਣ ਦੇ ਵਸਨੀਕਾਂ ਦੀਆਂ ਵੀ ਜੋ ਮੰਗਾਂ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਬਹਿਲ ਨੇ ਗਾਇਕ ਜੋੜੀ ਅਤੇ ਮੇਲਾ ਪ੍ਰਬੰਧਕਾਂ ਅਤੇ ਮੋਹਤਬਰਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ।

ਇਸ ਤੋਂ ਪਹਿਲਾਂ ਗਾਇਕ ਜੋੜੀ ਨੇ ਪੰਜਾਬ ਦੇ ਸੱਭਿਆਚਾਰ ਅਤੇ ਲੋਕ ਗਾਇਕੀ ਦਾ ਖੂਬਸੂਰਤ ਮੁਜ਼ਾਹਰਾ ਕੀਤਾ। ਇਸ ਮੌਕੇ ਸਲਵਿੰਦਰ ਸਿੰਘ ਪ੍ਰਬੰਧਕ, ਅਮਰੀਕ ਸਿੰਘ ਨੰਬਰਦਾਰ, ਪ੍ਰੀਤਮ ਸਿੰਘ, ਸੁਖਵਿੰਦਰ ਸਿੰਘ, ਹੀਰਾ ਸਿੰਘ ਸੋਢੀ, ਹਰਜਿੰਦਰ ਸਿੰਘ, ਰਵੇਲ ਸਿੰਘ, ਮੰਗਤ ਰਾਮ, ਹਰਜਿੰਦਰ ਸਿੰਘ ਸੋਢੀ, ਸਿਮਰਨ ਸਿੰਘ ਜੌੜਾ ਛੱਤਰਾਂ ਸਮੇਤ ਇਲਾਕੇ ਦੇ ਹੋਰ ਮੋਹਤਬਰ ਵੀ ਹਾਜ਼ਰ ਸਨ।

Written By
The Punjab Wire