ਮੇਲਾ ਛਿੰਝ, ਬੱਬੇਹਾਲੀ 31 ਅਗਸਤ ਤੋਂ ਇੱਕ ਸਤੰਬਰ ਤੱਕ
ਸੁਖਬੀਰ ਸਿੰਘ ਬਾਦਲ ਕਰਨਗੇ ਮੁੱਖ ਮਹਿਮਾਨ ਵਜੋਂ ਸ਼ਿਰਕਤ
ਗਾਇਕ ਜ਼ੀ ਖ਼ਾਨ ਗੀਤਾਂ ਨਾਲ ਵਧਾਉਣਗੇ ਮੇਲੇ ਦੀ ਰੌਣਕ
ਗੁਰਦਾਸਪੁਰ, 28 ਅਗਸਤ 2023 (ਦੀ ਪੰਜਾਬ ਵਾਇਰ)। ਸਦੀਆਂ ਤੋਂ ਰਵਾਇਤ ਅਨੁਸਾਰ ਮੇਲਿਆਂ ਦਾ ਸਰਤਾਜ “ਮੇਲਾ ਛਿੰਝ, ਬੱਬੇਹਾਲੀ” ਇਸ ਵਾਰ ਵੀ 31 ਅਗਸਤ ਤੋਂ 1 ਸਤੰਬਰ ਤੱਕ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਹਰ ਵਾਰ ਦੀ ਤਰ੍ਹਾਂ ਮੇਲੇ ਵਿੱਚ ਕੁਸ਼ਤੀ, ਕਬੱਡੀ ਦੇ ਮੁਕਾਬਲਿਆਂ ਤੋਂ ਇਲਾਵਾ ਖਿਡਾਰੀ ਅਤੇ ਪਹਿਲਵਾਨ ਆਪਣੀ ਕਲਾ ਦੇ ਜੌਹਰ ਦਿਖਾਉਣਗੇ । ਕੁਸ਼ਤੀ ਸੰਸਥਾ ਪੰਜਾਬ ਦੇ ਉਪ ਪ੍ਰਧਾਨ ਅਤੇ ਛਿੰਝ ਕਮੇਟੀ, ਬੱਬੇਹਾਲੀ ਦੇ ਸੀਨੀਅਰ ਮੈਂਬਰ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਇਸ ਮੇਲੇ ਦਾ ਉਦਘਾਟਨ 31 ਅਗਸਤ ਸ਼ਾਮ 4 ਵਜੇ ਪਿੰਡ ਬੱਬੇਹਾਲੀ ਦੇ ਸ. ਮਹਿੰਦਰ ਸਿੰਘ ਖੇਡ ਸਟੇਡੀਅਮ ਵਿੱਚ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਸਾਬਕਾ ਵਿਧਾਇਕ ਅਤੇ ਗੁਰਬਚਨ ਸਿੰਘ ਬੱਬੇਹਾਲੀ ਕਰਨਗੇ । ਉਨ੍ਹਾਂ ਦੱਸਿਆ ਕਿ ਇੱਕ ਸਤੰਬਰ ਸਵੇਰੇ 12 ਵਜੇ ਸਭਿਆਚਾਰਕ ਪ੍ਰੋਗਰਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ (ਪੰਜਾਬ) ਸਰਦਾਰ ਸੁਖਬੀਰ ਸਿੰਘ ਬਾਦਲ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ਅਤੇ 4 ਵਜੇ ਮੇਲੇ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣਗੇ । ਸਰਦਾਰ ਬਾਦਲ ਇਸ ਮੌਕੇ ਵਿਸ਼ਾਲ ਇਕੱਠ ਨੂੰ ਵੀ ਸੰਬੋਧਨ ਕਰਨਗੇ । ਇਸ ਸਭਿਆਚਾਰਕ ਪ੍ਰੋਗਰਾਮ ਵਿੱਚ ਪ੍ਰਸਿੱਧ ਗਾਇਕ ਜ਼ੀ ਖ਼ਾਨ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ । ਮੇਲੇ ਵਿੱਚ ਕਬੱਡੀ ਦੇ ਸ਼ੋਅ ਮੈਚ ਵੀ ਹੋਣਗੇ । ਛਿੰਝ ਵਿੱਚ ਮਾਲੀ ਦੀ ਕੁਸ਼ਤੀ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ।