ਹੜ੍ਹ ਪੀੜ੍ਹਤਾਂ ਦੀ ਮਦਦ ਲਈ ਨਿਆਂਇਕ ਅਧਿਕਾਰੀ ਵੀ ਅੱਗੇ ਆਏ
ਨਿਆਇਕ ਅਧਿਕਾਰੀਆਂ ਨੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਹੜ੍ਹ ਪੀੜ੍ਹਤਾਂ ਲਈ 100 ਦੇ ਕਰੀਬ ਤਰਪਾਲਾਂ ਭੇਟ ਕੀਤੀਆਂ
ਗੁਰਦਾਸਪੁਰ, 25 ਅਗਸਤ 2023 (ਦੀ ਪੰਜਾਬ ਵਾਇਰ)। ਜ਼ਿਲ੍ਹਾ ਗੁਰਦਾਸਪੁਰ ਦੇ ਬੇਟ ਇਲਾਕੇ ਦੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਨਿਆਂਇਕ ਅਧਿਕਾਰੀ ਵੀ ਅੱਗੇ ਆਏ ਹਨ। ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਨਿਆਂਇਕ ਅਧਿਕਾਰੀਆਂ ਨੇ ਆਪਣੀ ਦਸਾਂ ਨੂੰਹਾਂ ਦੀ ਕਮਾਈ ਵਿੱਚ ਹੜ੍ਹ ਪੀੜ੍ਹਤਾਂ ਦੀ ਮਦਦ ਕਰਦਿਆਂ 100 ਦੇ ਕਰੀਬ ਤਰਪਾਲਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਸੌਂਪੀਆਂ ਹਨ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਇਹ ਤਰਪਾਲਾਂ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਪਰਮਿੰਦਰ ਸਿੰਘ ਰਾਏ ਅਤੇ ਸੀ.ਜੇ.ਐੱਮ.(ਸੀਨੀਅਰ ਡਵੀਜ਼ਨ)-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਮਿਤ ਭੱਲਾ ਵੱਲੋਂ ਦਿੱਤੀਆਂ ਗਈਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ ਚੰਦਰ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਰਾਜੀਵ ਸਿੰਘ ਵੀ ਮੌਜੂਦ ਸਨ।
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਪਰਮਿੰਦਰ ਸਿੰਘ ਰਾਏ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਨਿਆਂਇਕ ਅਧਿਕਾਰੀ ਹੜ੍ਹ ਪੀੜ੍ਹਤਾਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਵੱਲੋਂ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਆਪਣੇ ਵੱਲੋਂ ਕੁਝ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਹੜ੍ਹ ਪੀੜ੍ਹਤਾਂ ਲਈ ਅਰਦਾਸ ਕੀਤੀ ਕਿ ਉਹ ਇਸ ਔਖੀ ਘੜ੍ਹੀ ਵਿਚੋਂ ਜਲਦੀ ਉੱਭਰ ਸਕਣ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸਰਾਹਨਾ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਨੇ ਜੱਜ ਸਾਹਿਬਾਨਾਂ ਦਾ ਹੜ੍ਹ ਪੀੜ੍ਹਤਾਂ ਦੀ ਮਦਦ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਰਾਹਤ ਸਮੱਗਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ।