Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਸਾਰੇ ਕਾਰਜ ਮੁਕੰਮਲ ਕਰਕੇ ਕੁਝ ਹੀ ਦਿਨਾਂ ‘ਚ ਸ਼ੁਰੂ ਕਰਾਂਗੇ ਗੁਰਦਾਸਪੁਰ ਦਾ ਨਵਾਂ ਬੱਸ ਅੱਡਾ-ਰਮਨ ਬਹਿਲ

ਸਾਰੇ ਕਾਰਜ ਮੁਕੰਮਲ ਕਰਕੇ ਕੁਝ ਹੀ ਦਿਨਾਂ ‘ਚ ਸ਼ੁਰੂ ਕਰਾਂਗੇ ਗੁਰਦਾਸਪੁਰ ਦਾ ਨਵਾਂ ਬੱਸ ਅੱਡਾ-ਰਮਨ ਬਹਿਲ
  • PublishedAugust 25, 2023

ਪਿਛਲੀ ਸਰਕਾਰ ਨੇ ਸਿਰਫ ਪੈਸੇ ਖਰਚਣ ‘ਤੇ ਕੇਂਦ੍ਰਿਤ ਰੱਖਿਆ ਧਿਆਨ, ਨਿਰਧਾਰਿਤ ਲਾਗਤ ਤੋਂ ਡੇਢ ਕਰੋੜ ਜਿਆਦਾ ਖਰਚ ਕੇ ਵੀ ਮੁਕੰਮਲ ਨਹੀਂ ਕਰਵਾਇਆ ਕੰਮ

ਹੁਣ ‘ਆਪ’ ਸਰਕਾਰ ਵੱਲੋਂ ਠੇਕੇਦਾਰ ਨੂੰ ਬਲੈਕ ਲਿਸਟ ਕਰਕੇ ਜੰਗੀ ਪੱਧਰ ‘ਤੇ ਕਰਵਾਏ ਜਾ ਰਹੇ ਹਨ ਉਸਾਰੀ ਦੇ ਕੰਮ

ਗੁਰਦਾਸਪੁਰ, 25 ਅਗਸਤ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਸ਼ਹਿਰ ਅੰਦਰ ਲੰਮੇ ਸਮੇਂ ਤੋਂ ਅੱਧ ਵਿਚਾਲੇ ਲਟਕੇ ਨਵੇਂ ਬੱਸ ਅੱਡੇ ਦੀ ਉਸਾਰੀ ਦਾ ਕੰਮ ਜਲਦੀ ਹੀ ਮੁਕੰਮਲ ਹੋਣ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੇਅਰਮੈਨ ਰਮਨ ਬਹਿਲ ਦੇ ਯਤਨਾਂ ਸਦਕਾ ਇਸ ਬੱਸ ਅੱਡੇ ਦੇ ਨਿਰਮਾਣ ਵਿਚ ਆ ਰਹੀਆਂ ਅੜਚਨਾਂ ਅਤੇ ਪੈਸੇ ਦੀ ਕਮੀ ਨੂੰ ਦੂਰ ਕਰਕੇ ਬੱਸ ਅੱਡੇ ਦੇ ਨਿਰਮਾਣ ਕਾਰਜਾਂ ਨੂੰ ਕੁਝ ਹੀ ਦਿਨਾਂ ਨੂੰ ਮੁਕੰਮਲ ਕਰਨ ਦੇ ਸਾਰੇ ਰਸਤੇ ਪੱਧਰੇ ਕਰ ਦਿੱਤੇ ਹਨ।

ਇਸ ਤਹਿਤ ਅੱਜ ਹਲਕਾ ਗੁਰਦਾਸਪੁਰ ਦੀ ਨੁਮਾਇੰਦਗੀ ਕਰ ਰਹੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ, ਐਕਸੀਅਨ, ਐਸਡੀਓ ਸਮੇਤ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਇਸ ਨਿਰਮਾਣ ਅਧੀਨ ਬੱਸ ਅੱਡੇ ਦਾ ਜਾਇਜਾ ਲਿਆ।

ਇਸ ਦੌਰਾਨ ਰਮਨ ਬਹਿਲ ਨੇ ਕਿਹਾ ਕਿ ਪਿਛਲੀ ਸਰਕਾਰ ਮੌਕੇ ਇਸ ਬੱਸ ਅੱਡੇ ਨੂੰ ਮੁਕੰਮਲ ਕਰਨ ਲਈ ਵੱਡੀ ਲਾਪਰਵਾਹੀ ਵਰਤੀ ਗਈ ਅਤੇ ਬਹੁਤ ਅਫਸੋਸ ਦੀ ਗੱਲ ਹੈ ਕਿ ਇਸ ਬੱਸ ਅੱਡੇ ਦੀ ਉਸਾਰੀ ਲਈ ਜੋ ਰਾਸ਼ੀ ਜਾਰੀ ਕੀਤੀ ਗਈ ਸੀ,ਉਸ ਨੂੰ ਪੂਰਾ ਖਰਚ ਕੇ ਵੀ ਇਸ ਦਾ ਨਿਰਮਾਣ ਨਹੀਂ ਕੀਤਾ ਗਿਆ ਜਿਸ ਤੋਂ ਸਾਫ ਪਤਾ ਲਗਦਾ ਹੈ ਕਿ ਬੱਸ ਅੱਡੇ ਨੂੰ ਸਮੇ ਸਿਰ ਮੁਕੰਮਲ ਕਰਨ ਲਈ ਪਿਛਲੀ ਸਰਕਾਰ ਸੰਜੀਦਾ ਹੀ ਨਹੀਂ ਸੀ। ਉਨਾਂ ਵੇਰਵੇ ਦਿੰਦਿਆਂ ਕਿਹਾ ਕਿ ਇਸ ਨਵੇਂ ਬੱਸ ਅੱਡੇ ਦੀ ਉਸਾਰੀ ਲਈ ਅਸਲ ਲਾਗਤ 14 ਕਰੋੜ 92 ਲੱਖ ਰੁਪਏ ਆਉਣੀ ਸੀ ਅਤੇ ਸਬੰਧਿਤ ਠੇਕੇਦਾਰ ਵੱਲੋਂ ਇਸ ਬੱਸ ਅੱਡੇ ਦੇ ਨਿਰਮਾਣ ਦਾ ਕੰਮ ਮਾਰਚ 2021 ਤੋਂ ਦਸੰਬਰ 2021 ਤੱਕ ਮੁਕੰਮਲ ਕੀਤਾ ਜਾਣਾ ਸੀ। ਪਰ ਹੈਰਾਨੀ ਦੀ ਗੱਲ ਹੈ ਸਰਕਾਰ ਨੇ ਸਾਰੇ ਪੈਸੇ ਜਾਰੀ ਕਰ ਦਿੱਤੇ, ਪਰ ਠੇਕੇਦਾਰ ਕੋਲੋਂ ਬੱਸ ਅੱਡੇ ਦਾ ਕੰਮ ਮੁਕੰਮਲ ਨਹੀਂ ਕਰਵਾਇਆ ਅਤੇ ਨਾ ਹੀ ਕੰਮ ਮੁਕੰਮਲ ਨਾ ਹੋਣ ਕਾਰਨ ਉਸ ਦੇ ਖਿਲਾਫ ਕਾਰਵਾਈ ਕੀਤੀ।

ਵੱਡੀ ਹੈਰਾਨੀ ਅਤੇ ਅਫਸੋਸ ਦੀ ਗੱਲ ਹੈ ਕਿ ਉਕਤ ਬੱਸ ਅੱਡੇ ਨੂੰ ਮੁਕੰਮਲ ਕਰਨ ਲਈ ਕੁੱਲ ਲਾਗਤ ਦੀ ਬਣਦੀ 10 ਫੀਸਦੀ ਵਾਧੂ ਰਕਮ 1 ਕਰੋੜ 50 ਲੱਖ ਹੋਰ ਜਾਰੀ ਕਰ ਦਿੱਤੀ ਗਈ। ਪਰ ਨਿਰਧਾਰਿਤ ਲਾਗਤ ਨਾਲੋਂ 10 ਫੀਸਦੀ ਜਿਆਦਾ ਪੈਸੇ ਖਰਚ ਕੇ ਵੀ ਇਸ ਬੱਸ ਅੱਡੇ ਦੇ ਨਿਰਮਾਣ ਦਾ ਕੰਮ ਹਵਾ ਵਿਚ ਲਟਕਿਆ ਹੋਇਆ ਸੀ ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਪਿਛਲੀ ਸਰਕਾਰ ਦਾ ਮਕਸਦ ਸਿਰਫ ਸਰਕਾਰੀ ਪੈਸੇ ਖਰਚ ਕਰਨਾ ਸੀ, ਜਦੋਂ ਕਿ ਲੋਕਾਂ ਦੀ ਸਹੂਲਤ ਲਈ ਬੱਸ ਅੱਡੇ ਨੂੰ ਮੁਕੰਮਲ ਕਰਵਾਉਣ ਵੱਲ ਉਸ ਪਿਛਲੀ ਸਰਕਾਰ ਦਾ ਕੋਈ ਧਿਆਨ ਨਹੀਂ ਸੀ।

ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੂਰੀ ਸੰਜੀਦਗੀ ਨਾਲ ਕਾਰਵਾਈ ਕਰਦੇ ਹੋਏ ਬੱਸ ਅੱਡੇ ਦੇ ਨਿਰਮਾਣ ਨੂੰ ਪੂਰਾ ਕਰਨ ਲਈ ਸਖਤ ਅਤੇ ਜਰੂਰੀ ਕਦਮ ਚੁੱਕੇ ਹਨ ਜਿਸ ਤਹਿਤ ਪਿਛਲੇ ਠੇਕੇਦਾਰ ਨੂੰ ਬਲੈਕ ਲਿਸਟ ਕਰ ਦਿੱਤਾ ਗਿਆ ਹੈ ਅਤੇ ਬਕਾਇਆ ਕੰਮ ਕਰਵਾ ਕੇ ਕੁਝ ਹੀ ਦਿਨਾਂ ਵਿਚ ਇਸ ਬੱਸ ਅੱਡੇ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਨਿਰਧਾਰਤ ਲਾਗਤ ਵਿਚ ਇਸ ਬੱਸ ਅੱਡੇ ਦੀ ਉਸਾਰੀ ਦਾ ਕੰਮ ਕਰਵਾਉਣ ਲਈ ਜੰਗ ਪੱਧਰ ‘ਤੇ ਕੰਮ ਕਰਵਾਏ ਜਾ ਰਹੇ ਹਨ ਅਤੇ ਬੱਸ ਅੱਡਾ ਸ਼ੁਰੂ ਹੋਣ ਨਾਲ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋਵੇਗਾ।

Written By
The Punjab Wire