ਹੜ੍ਹਾਂ ਦੀ ਮਾਰ ਹੇਠ ਆਏ ਇਲਾਕੇ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਿਹਤ ਵਿਭਾਗ ਕਰ ਰਿਹਾ ਦਿਨ-ਰਾਤ ਕੰਮ – ਰਮਨ ਬਹਿਲ
ਗੁਰਦਾਸਪੁਰ, 24 ਅਗਸਤ 2023 (ਦੀ ਪੰਜਾਬ ਵਾਇਰ ) । ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਤ ਖੇਤਰ ਵਿੱਚ ਲੋਕਾਂ ਨੂੰ ਖੜ੍ਹੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਗੁਰਦਾਸਪੁਰ ਦੇ ਪੁਰਾਣੇ ਸਿਵਲ ਹਸਪਤਾਲ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਸਨੀਕਾਂ ਨੂੰ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ 8 ਫੌਗਿੰਗ ਸਪਰੇਅ ਗੱਡੀਆਂ ਸਮੇਤ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਅਮਲਾ ਵੀ ਮੌਜੂਦ ਸੀ।
ਇਨ੍ਹਾਂ ਟੀਮਾਂ ਨੂੰ ਰਵਾਨਾ ਕਰਨ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਹੜ੍ਹਾਂ ਦੀ ਇਸ ਕੁਦਰਤੀ ਕਰੋਪੀ ਤੋਂ ਬਾਅਦ ਸਿਹਤ ਵਿਭਾਗ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਇਨ੍ਹਾਂ ਖੇਤਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਖੜ੍ਹੇ ਪਾਣੀ ਕਾਰਨ ਡੇਂਗੂ ਅਤੇ ਮਲੇਰੀਆ ਦਾ ਮੱਛਰ ਪੈਦਾ ਹੋ ਜਾਂਦਾ ਹੈ ਇਸ ਲਈ ਸਿਹਤ ਵਿਭਾਗ ਵੱਲੋਂ ਜਿਥੇ ਫਾਗਿੰਗ ਤੇ ਸਪਰੇਅ ਕੀਤੀ ਜਾ ਰਹੀ ਹੈ ਓਥੇ ਨਾਲ ਹੀ ਛਪੱੜਾਂ ਅਤੇ ਜਿਨ੍ਹਾਂ ਨੀਵੇਂ ਥਾਵਾਂ ਵਿੱਚ ਪਾਣੀ ਖੜ੍ਹਾ ਹੈ ਓਥੇ ਲਾਰਵਾ ਖਾਣ ਵਾਲੀਆਂ ਗੰਬੂਸੀਆ ਮੱਛੀਆਂ ਨੂੰ ਛੱਡਿਆ ਜਾ ਰਿਹਾ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਡੇਂਗੂ ਤੋਂ ਬਚਾਅ ਲਈ “ਹਰ ਸ਼ੁਕਰਵਾਰ ਡੇਂਗੂ ’ਤੇ ਵਾਰ” ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ, ਜਿਸ ਤਹਿਤ ਭਲਕੇ ਸ਼ੁਕਰਵਾਰ ਨੂੰ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਡੇਂਗੂ ਤੋਂ ਬਚਾਅ ਲਈ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨਗੀਆਂ।
ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਤੇ ਮਲੇਰੀਏ ਤੋਂ ਸਾਵਧਾਨੀ ਵਰਤਣ, ਆਪਣੇ ਆਲੇ-ਦੁਆਲੇ ਪਾਣੀ ਨਾ ਖੜ੍ਹਾ ਹੋਣ ਦੇਣ। ਉਨ੍ਹਾਂ ਕਿਹਾ ਕਿ ਆਓ ਸਭ ਇਕੱਠੇ ਮਿਲ ਕੇ ਡੇਂਗੂ ਤੋਂ ਬਚਾਅ ਲਈ ਯਤਨ ਕਰੀਏ ਅਤੇ ਆਪਣਾ ਆਲਾ ਦੁਆਲਾ ਸਾਫ਼ ਰੱਖੀਏ।