Close

Recent Posts

ਗੁਰਦਾਸਪੁਰ ਪੰਜਾਬ

ਸਰਬੱਤ ਦਾ ਭਲਾ ਟਰੱਸਟ ਵੱਲੋਂ ਬਟਾਲਾ ‘ਚ ਡਾਇਲਸਿਸ ਸੈਂਟਰ ਸਥਾਪਿਤ

ਸਰਬੱਤ ਦਾ ਭਲਾ ਟਰੱਸਟ ਵੱਲੋਂ ਬਟਾਲਾ ‘ਚ ਡਾਇਲਸਿਸ ਸੈਂਟਰ ਸਥਾਪਿਤ
  • PublishedAugust 23, 2023

ਡਾ.ਓਬਰਾਏ,ਡਾ.ਰਾਜ ਬਹਾਦਰ, ਜਸਟਿਸ ਬੇਦੀ ਨੇ ਸਾਂਝੇ ਤੌਰ ਤੇ ਕੀਤਾ ਉਦਘਾਟਨ

ਪੰਜਾਬ ਅੰਦਰ ਲੱਗਭਗ ਹਰੇਕ 25 ਕਿਲੋਮੀਟਰ ਮਗਰ ਡਾਇਲਸਿਸ ਦੀ ਸਹੂਲਤ ਦੇ ਰਹੇ ਹਾਂ : ਡਾ.ਓਬਰਾਏ

ਡਾ.ਓਬਰਾਏ ਵੱਲੋਂ ਕੀਤੇ ਜਾ ਰਹੇ ਮਿਸਾਲੀ ਸੇਵਾ ਕਾਰਜ ਸ਼ਲਾਘਾਯੋਗ : ਡਾ.ਰਾਜ ਬਹਾਦਰ, ਜਸਟਿਸ ਬੇਦੀ

ਬਟਾਲਾ,23 ਅਗਸਤ 2023 (ਦੀ ਪੰਜਾਬ ਵਾਇਰ ) । ਪੂਰੀ ਦੁਨੀਆਂ ਅੰਦਰ ਰੱਬ ਦੇ ਫ਼ਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ ਆਰੰਭੇ ਗਏ ਮਿਸ਼ਨ ਤਹਿਤ ਹੁਣ ਬਟਾਲਾ ਦੇ ਨਾਂਮਵਰ ਇੰਡੋ-ਯੂ.ਐਸ. ਮੈਡੀਸਿਟੀ ਹਸਪਤਾਲ ਵਿਖੇ ਆਪਣਾ ਨਵਾਂ ਡਾਇਲਸਿਸ ਸੈਂਟਰ ਸਥਾਪਿਤ ਕੀਤਾ ਗਿਆ ਹੈ। ਜਿਸ ਦਾ ਉਦਘਾਟਨ ਡਾ.ਐਸ.ਪੀ. ਸਿੰਘ ਓਬਰਾਏ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼ ਫ਼ਰੀਦਕੋਟ ਦੇ ਸਾਬਕਾ ਵਾਈਸ ਚਾਂਸਲਰ ਡਾ.ਰਾਜ ਬਹਾਦਰ ਅਤੇ ਸੇਵਾਮੁਕਤ ਜਸਟਿਸ ਐੱਮ.ਐੱਮ.ਐੱਸ.ਬੇਦੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਡਾ.ਰਾਜ ਬਹਾਦਰ ਨੇ ਕਿਹਾ ਕਿ ਓਬਰਾਏ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਸਦਕਾ ਲੋੜਵੰਦ ਮਰੀਜ਼ਾਂ ਨੂੰ ਬਹੁਤ ਵੱਡੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਹਤ ਨਾਲ ਸੰਬੰਧਤ ਚਲਾਈਆਂ ਜਾ ਰਹੀਆਂ ਵੱਖ-ਵੱਖ ਲਾਹੇਵੰਦ ਸਕੀਮਾਂ ਰਾਹੀਂ ਹਜ਼ਾਰਾਂ ਹੀ ਲੋਕ ਰੋਜ਼ਾਨਾ ਫਾਇਦਾ ਉਠਾ ਰਹੇ ਹਨ।

ਇਸੇ ਦੌਰਾਨ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵਕ ਡਾ.ਓਬਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਟਰੱਸਟ ਦੇ ਟਰੱਸਟੀ ਅਤੇ ਇੰਡੋ-ਯੂ.ਐੱਸ.ਮੈਡੀਸਿਟੀ ਹਸਪਤਾਲ ਬਟਾਲਾ ਦੇ ਸੰਚਾਲਕ ਡਾ.ਸਤਨਾਮ ਸਿੰਘ ਨਿੱਜਰ ਦੇ ਸਹਿਯੋਗ ਸਦਕਾ ਖੋਲ੍ਹੇ ਗਏ ਇਸ ਡਾਇਲਸਿਸ ਸੈਂਟਰ ਵਿੱਚ ਤਿੰਨ ਯੂਨਿਟ ਸਥਾਪਿਤ ਕੀਤੇ ਗਏ ਹਨ। ਜਿਸ ਦੀ ਬਦੌਲਤ ਇਸ ਖੇਤਰ ਦੇ ਗੁਰਦੇ ਦੀ ਬਿਮਾਰੀ ਤੋਂ ਪੀੜ੍ਹਤ ਮਰੀਜ਼ਾਂ ਨੂੰ ਕੇਵਲ ਨਾਂ ਮਾਤਰ ਰੇਟਾਂ ਤੇ ਡਾਇਲਸਿਸ ਦੀ ਸਹੂਲਤ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਲੋੜਵੰਦ ਮਰੀਜ਼ਾਂ ਲਈ ਡਾਇਲਸਿਸ ਕਿੱਟਾਂ ਵੀ ਟਰੱਸਟ ਵੱਲੋਂ ਮੁਫ਼ਤ ਮੁਹਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਪੰਜਾਬ ਸਮੇਤ ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲਾ ਅਤੇ ਉੱਤਰ ਪ੍ਰਦੇਸ਼ ਸੂਬੇ ਦੇ ਵੱਖ-ਵੱਖ ਖੇਤਰਾਂ ਦੇ 100 ਦੇ ਕਰੀਬ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਅੰਦਰ 242 ਦੇ ਕਰੀਬ ਡਾਇਲਸਿਸ ਯੂਨਿਟ ਸਥਾਪਿਤ ਕੀਤੇ ਜਾ ਚੁੱਕੇ ਹਨ। ਅੱਜ ਪੰਜਾਬ ‘ਚ ਲੱਗਭਗ ਹਰੇਕ 25 ਕਿਲੋਮੀਟਰ ਬਾਅਦ ਟਰੱਸਟ ਵੱਲੋਂ ਡਾਇਲਸਿਸ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਡਾਇਲਸਿਸ ਦੇ ਰੇਟ ਵੀ ਨਾ- ਮਾਤਰ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਡਾਇਲਸਿਸ ਯੂਨਿਟਾਂ ਤੇ ਕਈ ਜਗ੍ਹਾ ਬਿਲਕੁਲ ਮੁਫ਼ਤ ਜਦ ਕਿ ਕੁਝ ਥਾਵਾਂ ਤੇ ਸਿਰਫ਼ 100 ਰੁਪਏ ਤੋਂ ਲੈ ਕੇ 750 ਰੁਪਏ ਵਿਚ ਹੀ ਡਾਇਲਸਿਸ ਕੀਤੇ ਜਾਂਦੇ ਹਨ। ਜਦ ਕਿ ਟਰੱਸਟ ਵੱਲੋਂ ਹੁਣ ਤੱਕ ਕਰੀਬ ਡੇਢ ਲੱਖ ਤੋਂ ਵਧੇਰੇ ਡਾਇਲਸਿਸ ਕਿੱਟਾਂ ਵੀ ਮੁਫ਼ਤ ਵੰਡੀਆਂ ਜਾ ਚੁੱਕੀਆਂ ਹਨ।

ਇਸ ਮੌਕੇ ਟ੍ਰਸਟ ਦੇ ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ,ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ,ਡਾ.ਸੰਜੀਵ ਭੱਲਾ,ਡਾ.ਰਾਜੀਵ ਟੰਡਨ, ਡਾ.ਕ੍ਰਿਸ਼ਨ ਕੁਮਾਰ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ।

Written By
The Punjab Wire