ਕੈਲੇਡੋਨੀਆ ਸਕੂਲ ਪਠਾਨਕੋਟ ਦੇ ਵਿਦਿਆਰਥੀ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਏ
ਵਿਦਿਆਰਥੀਆਂ ਨੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਰਾਹਤ ਸਮੱਗਰੀ ਦੇ ਪੈਕਟ ਡਿਪਟੀ ਕਮਿਸ਼ਨਰ ਨੂੰ ਸੌਂਪੇ
ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਦੇ ਜ਼ਜ਼ਬੇ ਅਤੇ ਸੇਵਾ ਭਾਵਨਾ ਦੀ ਸਰਾਹਨਾ ਕੀਤੀ
ਗੁਰਦਾਸਪੁਰ, 22 ਅਗਸਤ 2023 ( ਦੀ ਪੰਜਾਬ ਵਾਇਰ )। ਕੈਲੇਡੋਨੀਆ ਸਕੂਲ ਪਠਾਨਕੋਟ ਦੇ ਵਿਦਿਆਰਥੀ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਬੇਟ ਇਲਾਕੇ ਨਾਲ ਸਬੰਧਤ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਏ ਹਨ। ਰਾਹਤ ਸਮੱਗਰੀ ਦੇ ਇਹ ਪੈਕਟ ਸਕੂਲੀ ਵਿਦਿਆਰਥੀਆਂ ਵੱਲੋਂ ਅੱਜ ਪੁਰਾਣਾ ਸ਼ਾਲਾ ਦੇ ਰਾਹਤ ਕੇਂਦਰ ਵਿਖੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਸਪੁਰਦ ਕੀਤੇ।
ਕੈਲੇਡੋਨੀਆ ਸਕੂਲ ਪਠਾਨਕੋਟ ਦੇ ਵਿਦਿਆਰਥੀਆਂ ਦੇ ਜ਼ਜ਼ਬੇ ਅਤੇ ਸੇਵਾ ਭਾਵਨਾ ਦੀ ਸਰਾਹਨਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਸ ਔਖੀ ਘੜ੍ਹੀ ਵਿੱਚ ਵਿਦਿਆਰਥੀਆਂ ਦੇ ਇਸ ਸਹਿਯੋਗ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਦਿੱਤੇ ਇਸ ਯੋਗਦਾਨ ਨਾਲ ਜਿਥੇ ਹੜ੍ਹ ਪ੍ਰਭਾਵਤ ਲੋਕਾਂ ਨੂੰ ਰਾਹਤ ਮਿਲੇਗੀ ਓਥੇ ਇਹ ਹੋਰ ਲੋਕਾਂ ਨੂੰ ਵੀ ਮਦਦ ਲਈ ਅੱਗੇ ਆਉਣ ਦੀ ਪ੍ਰੇਰਨਾ ਦੇਵੇਗੀ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਕੈਲੇਡੋਨੀਆ ਸਕੂਲ ਪਠਾਨਕੋਟ ਦੇ ਵਿਦਿਆਰਥੀਆਂ ਆਪਣੇ ਅਧਿਆਪਕਾਂ ਤੇ ਮਾਪਿਆਂ ਦੀ ਪ੍ਰੇਰਨਾ ਸਦਕਾ ਮਦਦ ਲਈ ਅੱਗੇ ਆਏ ਹਨ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਸਾਰਿਆਂ ਦਾ ਧੰਨਵਾਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਵਿਦਿਆਰਥੀਆਂ ਵੱਲੋਂ ਭੇਜੀ ਰਾਹਤ ਸਮੱਗਰੀ ਨੂੰ ਲੋੜਵੰਦਾਂ ਪਹੁੰਚਾਏਗਾ।
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਬੇਟ ਇਲਾਕੇ ਵਿੱਚ ਹੜ੍ਹ ਆਏ ਹਨ ਅਤੇ ਓਥੇ ਲੋਕਾਂ ਨੂੰ ਮਦਦ ਦੀ ਲੋੜ ਹੈ, ਤਾਂ ਸਮੂਹ ਵਿਦਿਆਰਥੀਆਂ ਨੇ ਦਾਨ ਇਕੱਠਾ ਕਰਕੇ ਹੜ੍ਹ ਪੀੜਤਾਂ ਦੀ ਮਦਦ ਲਈ ਇਹ ਰਾਹਤ ਸਮੱਗਰੀ ਭੇਜੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਹੜ੍ਹਾਂ ਦੀ ਮਾਰ ਹੇਠ ਆਏ ਸਾਰੇ ਲੋਕ ਮੁੜ ਜਲਦ ਅਬਾਦ ਹੋਣ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਰਾਹਤ ਕਾਰਜਾਂ ਵਿੱਚ ਹਮੇਸ਼ਾਂ ਉਨ੍ਹਾਂ ਦੇ ਨਾਲ ਹਨ।
ਇਸ ਮੌਕੇ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਦੇ ਸਕੱਤਰ ਸ੍ਰੀ ਰਾਜੀਵ ਸਿੰਘ, ਕੈਲੇਡੋਨੀਆ ਸਕੂਲ ਦੇ ਪ੍ਰਬੰਧਕ ਸ੍ਰੀ ਸਰਜਲ ਗੁਪਤਾ ਵੀ ਮੌਜੂਦ ਸਨ।