ਪਾੜ ਨੂੰ ਭਰਨ ਲਈ ਵੱਖ ਵੱਖ ਵਿਭਾਗਾਂ ਵੱਲੋਂ ਮਸ਼ੀਨਰੀ ਸਮੇਤ ਹਰ ਲੋੜ ਨੂੰ ਕੀਤਾ ਗਿਆ ਸਮੇਂ ਸਿਰ ਪੂਰਾ
ਧੁੱਸੀ ਬੰਨ ਦੇ ਪਾੜ ਨੂੰ ਭਰਨ ਤੋਂ ਬਾਅਦ ਬੰਨ ਦੀ ਮਜ਼ਬੂਤੀ ਦਾ ਕੰਮ ਜਾਰੀ
ਗੁਰਦਾਸਪੁਰ, 21 ਅਗਸਤ 2023 (ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਲਾਕੇ ਦੀ 5000 ਤੋਂ ਵੱਧ ਸੰਗਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ, ਮੁਲਾਜ਼ਮਾਂ, ਮਨਰੇਗਾ ਵਰਕਰਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਜਗਤਪੁਰ-ਟਾਂਡਾ ਦੇ ਨਜ਼ਦੀਕ ਪਏ ਧੁੱਸੀ ਬੰਨ ਵਿੱਚ ਪਏ ਪਾੜ ਨੂੰ ਰਿਕਾਰਡ ਸਮੇਂ ਵਿੱਚ ਭਰਨ ’ਚ ਸਫਲਤਾ ਮਿਲੀ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ ਵੱਖ ਵਿਭਾਗ ਪਹਿਲੇ ਦਿਨ ਤੋਂ ਹੀ ਪੂਰੇ ਇਲਾਕੇ ਨੂੰ ਹੜ੍ਹਾਂ ਤੋਂ ਬਚਾਉਣ ਵਿੱਚ ਗਰਾਉਂਡ ਜ਼ੀਰੋ ’ਤੇ ਲੱਗਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਡਰੇਨਜ਼ ਵਿਭਾਗ ਵੱਲੋਂ ਧੁੱਸੀ ਬੰਨ ਦੇ ਪਾੜ ਨੂੰ ਭਰਨ ਲਈ 2.50 ਲੱਖ ਤੋਂ ਵੱਧ ਬੋਰੇ ਮੁਹੱਈਆ ਕਰਵਾਏ ਗਏ। ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਵੱਲੋਂ ਧੁੱਸੀ ਬੰਨ ਦੇ 4 ਪੁਆਇੰਟਾਂ ’ਤੇ 18 ਫਲੱਡ ਲਾਈਟਾਂ ਲਗਾਈਆਂ ਗਈਆਂ ਅਤੇ 4 ਜਨਰੇਟਰ ਸੈੱਟ ਉਪਲੱਬਧ ਕਰਵਾਏ ਗਏ ਤਾਂ ਜੋ ਨਿਰਵਿਗਨ ਬਿਜਲੀ ਸਪਲਾਈ ਨਾਲ ਦਿਨ ਰਾਤ ਕੰਮ ਚੱਲਦਾ ਰਹੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀ ਬੋਰਡ, ਡਰੇਨਜ਼ ਅਤੇ ਪੁਲਿਸ ਵਿਭਾਗ ਵੱਲੋਂ 1200 ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਮੁਹੱਈਆ ਕਰਵਾਈਆਂ ਗਈਆਂ। ਇਸਦੇ ਨਾਲ ਹੀ ਇਹਨਾਂ ਵੱਲੋਂ 700 ਕਰੇਟਸ ਅਤੇ 15 ਜੇ.ਸੀ.ਬੀ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਜੋ ਦਿਨ ਰਾਤ ਪਾੜ ਨੂੰ ਪੂਰਨ ਵਿੱਚ ਲੱਗੀਆਂ ਰਹੀਆਂ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਬੰਨ ਦੇ ਪਾੜ ਨੂੰ ਭਰਨ ਵਿੱਚ ਮਗਨਰੇਗਾ ਕਾਮਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾਂ 700 ਤੋਂ ਵੱਧ ਮਗਨਰੇਗਾ ਕਾਮੇਂ ਪਾੜ ਨੂੰ ਭਰਨ ਵਿੱਚ ਲੱਗੇ ਰਹੇ। ਉਨ੍ਹਾਂ ਕਿਹਾ ਕਿ ਮਗਨਰੇਗਾ ਕਾਮੇ ਪਿੰਡਾਂ ਵਿੱਚੋਂ ਮਿੱਟੀ ਦੀਆਂ ਟਰਾਲੀਆਂ ਭਰਨ, ਡੰਪ ਸਾਈਟ ਉੱਪਰ ਮਿੱਟੀ ਨੂੰ ਬੋਰਿਆਂ ਵਿੱਚ ਭਰਨ ਤੋਂ ਇਲਾਵਾ ਪਾੜ ਵਾਲੀ ਥਾਂ ਉੱਪਰ ਵੀ ਮਿੱਟੀ ਦੇ ਬੋਰਿਆਂ ਨੂੰ ਚੁੱਕ ਕੇ ਲਿਜਾਂਦੇ ਰਹੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਮੂਹ ਅਧਿਕਾਰੀ ਦਿਨ-ਰਾਤ ਰਾਹਤ ਕਾਰਜਾਂ ਵਿੱਚ ਲੱਗੇ ਰਹੇ ਅਤੇ ਪਾੜ ਨੂੰ ਭਰਨ ਲਈ ਜੋ ਵੀ ਲੋੜ ਸੀ ਉਸਨੂੰ ਪੂਰਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ 4 ਕਿਲੋਮੀਟਰ ਰਸਤੇ `ਤੇ ਟਰੈਫਿਕ ਦੇ ਉੱਚਿਤ ਪ੍ਰਬੰਧ ਕੀਤੇ ਗਏ ਅਤੇ 24 ਘੰਟੇ ਨਾਕੇ ਲਗਾ ਕੇ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਇਸ ਪਾੜ ਨੂੰ ਭਰਨ ਵਿੱਚ ਆਪਣੀ ਵਾਹ ਲਗਾਈ ਗਈ ਓਥੇ ਇਲਾਕੇ ਦੀ ਸੰਗਤ ਦੇ ਯੋਗਦਾਨ ਨੇ ਇਸ ਕੰਮ ਨੂੰ ਹੋਰ ਅਸਾਨ ਅਤੇ ਜਲਦੀ ਕਰਨ ਵਿੱਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਇਸ ਨੇਕ ਕਾਰਜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਵਿੱਚ ਸਮੂਹ ਸੰਗਤ ਦਾ ਵੀ ਧੰਨਵਾਦ ਕੀਤਾ ਹੈ। ਸੰਗਤ ਦੀ ਮਦਦ ਤੋਂ ਬਿਨਾਂ ਇਹ ਕੰਮ ਏਨੇ ਘੱਟ ਸਮੇਂ ਚ ਪੂਰਾ ਨਹੀਂ ਹੋ ਸਕਦਾ ਸੀ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਫਿਲਹਾਲ ਧੁੱਸੀ ਬੰਨ ਦੇ ਪਾੜ ਨੂੰ ਭਰ ਲਿਆ ਗਿਆ ਹੈ ਪਰ ਅਜੇ ਧੁੱਸੀ ਬੰਨ ਦੀ ਮਜ਼ਬੂਤੀ ਅਤੇ ਇਸ ਬੰਨ ਨੂੰ ਚੌੜਿਆਂ ਕਰਨ ਦਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੈ ਜੋ ਅਜੇ ਕੁਝ ਦਿਨ ਹੋਰ ਚੱਲੇਗਾ। ਉਨ੍ਹਾਂ ਕਿਹਾ ਕਿ ਧੁੱਸੀ ਬੰਨ ਨੂੰ ਇਸ ਜਗ੍ਹਾ ਤੋਂ ਪੂਰਾ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹਾ ਕੁਝ ਨਾ ਵਾਪਰੇ। ਉਨ੍ਹਾਂ ਕਿਹਾ ਕਿ ਧੁੱਸੀ ਬੰਨ ਦੇ ਹੋਰ ਕਮਜ਼ੋਰ ਭਾਗਾਂ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ।