ਸਮੁੱਚਾ ਪੰਜਾਬ ਅਤੇ ਆਪ ਵਲੰਟੀਅਰ ਲਾਲਚੰਦ ਕਟਾਰੂਚੱਕ ਦੀ ਪਿੱਠ ‘ਤੇ ਚਟਾਨ ਵਾਂਗ ਖੜੇ
ਗੁਰਦਾਸਪੁਰ, 19 ਅਗਸਤ 2023 (ਦੀ ਪੰਜਾਬ ਵਾਇਰ)।ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਖਿਲਾਫ ਵਿਰੋਧੀ ਧਿਰਾਂ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਹੱਦ ਘਟੀਆ ਰਾਜਨੀਤੀ ਕਰਾਰ ਦਿੰਦਿਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੂੰ ਬਦਨਾਮ ਕਰਨ ਲਈ ਵਿਰੋਧੀ ਬੇਹੱਦ ਸੌੜੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਟਾਰੂਚੱਕ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋਏ ਅਜਿਹੇ ਆਗੂ ਹਨ। ਜਿਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਲੋਕ ਹਿੱਤਾਂ ਦੀ ਲੜਾਈ ਲੜਣ ਵਿੱਚ ਬਤੀਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਬੇਹੱਦ ਸਾਦੀ ਜਿੰਦਗੀ ਜਿਊਣ ਵਾਲੇ ਕਟਾਰੂਚੱਕ ਨੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਲੰਬੇ ਸਮੇਂ ਤੱਕ ਸੰਘਰਸ਼ ਲੜੇ ਅਤੇ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਵੱਖ-ਵੱਖ ਜਥੇਬੰਦੀਆਂ ਵਿੱਚ ਆਪਣੇ ਨਿੱਜੀ ਹਿੱਤਾਂ ਦੀ ਪਰਵਾਹ ਕੀਤੇ ਬਗੈਰ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਗਰੀਬ ਪਰਿਵਾਰ ਵਿੱਚ ਜਨਮ ਲੈ ਕੇ ਲੋਕਾਂ ਦੀ ਅਵਾਜ ਬੁਲੰਦ ਕਰਨ ਵਾਲਾ ਇਹ ਆਗੂ ਅੱਜ ਪੰਜਾਬ ਕੈਬਨਿਟ ਦਾ ਹਿੱਸਾ ਬਣਿਆ ਹੈ। ਜਿਸ ਨੂੰ ਵਿਰੋਧੀ ਧਿਰਾਂ ਬਰਦਾਸ਼ਤ ਨਹੀਂ ਕਰ ਪਾ ਰਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਵੱਡੇ ਕੰਮ ਕੀਤੇ ਹਨ। ਉਸਦੇ ਨਾਲ ਹੀ ਲਾਲਚੰਦ ਕਟਾਰੂਚੱਕ ਨੇ ਵੀ ਕੈਬਨਿਟ ਮੰਤਰੀ ਬਣਨ ਦੇ ਬਾਅਦ ਦਿਨ-ਰਾਤ ਇੱਕ ਕਰਕੇ ਆਪਣੇ ਹਲਕੇ ਅਤੇ ਸਮੁੱਚੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਹਿੱਤਾਂ ਅਤੇ ਹੱਕਾਂ ‘ਤੇ ਡਟ ਕੇ ਪਹਿਰਾ ਦੇਣ ਵਾਲੇ ਲਾਲਚੰਦ ਕਟਾਰੂਚੱਕ ਦੀ ਵਧ ਰਹੀ ਹਰਮਨ ਪਿਆਰਤਾ ਅਤੇ ਆਮ ਆਦਮੀ ਪਾਰਟੀ ਦੇ ਵਧ ਰਹੇ ਗ੍ਰਾਫ ਨੂੰ ਥੱਲੇ ਸੁੱਟਣ ਲਈ ਵਿਰੋਧੀ ਬਹੁਤ ਘਟੀਆ ਪੱਧਰ ‘ਤੇ ਦੂਸ਼ਣਬਾਜੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਕੈਬਨਿਟ ਮੰਤਰੀ ਹੁੰਦਿਆਂ ਵੀ ਲਾਲਚੰਦ ਕਟਾਰੂਚੱਕ ਜਮੀਨ ਨਾਲ ਜੁੜੇ ਹੋਏ ਆਗੂ ਹਨ। ਜੋ ਰੋਜਾਨਾਂ ਆਪਣਾ ਸਮਾਂ ਲੋਕਾਂ ਵਿੱਚ ਬਤੀਤ ਕਰਦੇ ਹਨ ਪਰ ਉਨ੍ਹਾਂ ਨੂੰ ਕੈਬਨਿਟ ਦੇ ਅਹੁਦੇ ਤੋਂ ਹਟਾਉਣ ਲਈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਕਸ ਖਰਾਬ ਕਰਨ ਲਈ ਵਿਰੋਧੀ ਧਿਰਾਂ ਤਰਲੋ ਮੱਛੀ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਆਸਤ ਕਰਨੀ ਬੁਰੀ ਗੱਲ ਨਹੀਂ ਹੈ ਪਰ ਸਿਆਸਤ ਲਈ ਅਜਿਹੇ ਘਟੀਆ ਅਤੇ ਕੋਝੇ ਹਥਕੰਢੇ ਅਪਣਾਉਣਾ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਰਮਨ ਬਹਿਲ ਨੇ ਕਿਹਾ ਕਿ ਅੱਜ ਨਾ ਸਿਰਫ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਹਲਕਾ ਭੋਏ ਦੇ ਲੋਕ ਲਾਲਚੰਦ ਕਟਾਰੂਚੱਕ ਦੀ ਪਿੱਠ ‘ਤੇ ਖੜੇ ਹਨ। ਸਗੋਂ ਸਮੁੱਚੇ ਪੰਜਾਬ ਦੇ ਲੋਕ ਵੀ ਇਸ ਇਮਾਨਦਾਰ ਨੇਤਾ ਦੇ ਹੱਕ ‘ਚ ਉਨ੍ਹਾਂ ਦੀ ਪਿੱਠ ‘ਤੇ ਖੜੇ ਹਨ। ਇਸ ਲਈ ਵਿਰੋਧੀਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਹਾਲਤ ਵਿੱਚ ਲਾਲਚੰਦ ਕਟਾਰੂਚੱਕ ਖਿਲਾਫ ਅਜਿਹੀ ਦੂਸ਼ਣਬਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਰਮਨ ਬਹਿਲ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਚਾਹੀਦੀ ਹੈ ਕਿ ਉਹ ਅਜਿਹੇ ਨੀਵੇਂ ਮਿਆਰ ‘ਤੇ ਆਉਣ ਦੀ ਬਜਾਏ ਤੱਥਾਂ ਦੇ ਅਧਾਰ ‘ਤੇ ਰਾਜਨੀਤੀ ਕਰਨ।