ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਤੇ ਐੱਸ.ਡੀ.ਐੱਮ ਸ਼ਾਇਰੀ ਭੰਡਾਰੀ ਨੇ ਪੀੜਤ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ
ਸ੍ਰੀ ਹਰਗੋਬਿੰਦਪੁਰ ਸਾਹਿਬ/ਗੁਰਦਾਸਪੁਰ, 18 ਅਗਸਤ 2023 ( ਦੀ ਪੰਜਾਬ ਵਾਇਰ).- ਬਿਆਸ ਦਰਿਆ ਦੇ ਹੜ੍ਹ ਦਾ ਪਾਣੀ ਦੇਖਣ ਗਏ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨੇੜਲੇ ਪਿੰਡ ਧੀਰੋਵਾਲ ਦੇ ਦੋ ਬੱਚਿਆਂ ਦੀ ਪਾਣੀ ਵਿੱਚ ਡੁੱਬਣ ਕਾਰਨ ਬੀਤੇ ਦਿਨੀ ਮੌਤ ਹੋ ਗਈ ਸੀ। ਅੱਜ ਪੰਜਾਬ ਸਰਕਾਰ ਵਲੋਂ ਪੀੜਤ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਵਿਧਾਇਕ ਐਡਵੈਕੈਟ ਅਮਰਪਾਲ ਸਿੰਘ ਅਤੇ ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਵੱਲੋਂ ਦੋਨਾਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਦੀ ਆਰਥਿਕ ਸਹਾਇਤਾਦੀ ਦੇ ਚੈੱਕ ਦਿੱਤੇ ਗਏ। ਇਸ ਮੌਕੇ ਨਿਰਮਲ ਸਿੰਘ ਨਾਇਬ ਤਹਿਸੀਲਦਾਰ ਵੀ ਮੋਜੂਦ ਸਨ।
ਇਸ ਮੌਕੇ ਪੀੜਤ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪੀੜ੍ਹਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਉਨਾਂ ਕਿਹਾ ਕਿ ਪੀੜ੍ਹਤ ਪਰਿਵਾਰ ਦੇ ਇਸ ਘਾਟੇ ਨੂੰ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ ਪਰ ਸੂਬਾ ਸਰਕਾਰ ਨੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਹੈ।
ਇਸ ਮੌਕੇ ਅੱੈਸ.ਡੀ.ਐੱਮ ਡਾ. ਸ਼ਾਇਰੀ ਭੰਡਾਰੀ ਨੇ ਵਾਪਰੀ ਮੰਦਭਾਗੀ ਘਟਨਾ `ਤੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਹੜ੍ਹਾਂ ਦੇ ਪਾਣੀ ਵੱਲ ਬਿਲਕੁਲ ਨਾ ਜਾਣ ਦੇਣ। ਉਨ੍ਹਾਂ ਕਿਹਾ ਕਿ ਹੜ੍ਹ ਦੇ ਪਾਣੀ ਵੱਲ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਹੈ ਇਸ ਲਈ ਇਸ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਇਹ ਮੰਦਭਾਗੀ ਘਟਨਾ ਬੀਤੇ ਦਿਨੀ ਵਾਪਰੀ ਸੀ ਜਦ 14 ਸਾਲਾ ਜਸਕਰਨ ਸਿੰਘ ਕਰਨ ਪੁੱਤਰ ਬਲਦੇਵ ਸਿੰਘ ਅਤੇ 13 ਸਾਲਾ ਦਿਲਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਜੋ ਪਿੰਡ ਧੀਰੋਵਾਲ ਦੇ ਰਹਿਣ ਵਾਲੇ ਸਨ, ਇਹ ਦੋਵੇਂ ਜਾਣੇ ਸਾਈਕਲ ’ਤੇ ਆਪਣੇ ਘਰੋਂ ਪਿੰਡ ਧੀਰੋਵਾਲ ਦੇ ਨਜ਼ਦੀਕ ਖੇਤਾਂ ਵਿੱਚ ਆਏ ਦਰਿਆ ਬਿਆਸ ਦੇ ਪਾਣੀ ਨੂੰ ਦੇਖਣ ਗਏ ਸਨ। ਜਦੋਂ ਦੇਰ ਸ਼ਾਮ ਤੱਕ ਇਹ ਦੋਵੇਂ ਘਰ ਨਾ ਆਏ ਤਾਂ ਪਰਿਵਾਰਕ ਮੈਂਬਰਾਂ ਨੇ ਇਨ੍ਹਾਂ ਦੀ ਭਾਲ ਸ਼ੁਰੂ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਪਿੰਡ ਧੀਰੋਵਾਲ ਦੇ ਨਜ਼ਦੀਕ ਨੀਵੇਂ ਇਲਾਕੇ ਦੇ ਖੇਤਾਂ ਕਿਨਾਰੇ ਸਾਈਕਲ ਅਤੇ ਬੱਚਿਆਂ ਦੀ ਚੱਪਲਾਂ ਦਿਖਾਈ ਦਿੱਤੀਆਂ ਤਾਂ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਓਥੇ ਸਰਚ ਅਭਿਆਨ ਚਲਾਇਆ ਗਿਆ। ਜਦੋਂ ਗੋਤਾਖੋਰਾਂ ਨੇ ਖੇਤ ਵਿੱਚ ਖੜ੍ਹੇ ਪਾਣੀ ਵਿੱਚ ਗੋਤਾ ਲਗਾਇਆ ਤਾਂ ਇਨ੍ਹਾਂ ਦੋਵਾਂ ਬੱਚਿਆਂ ਦੀਆਂ ਲਾਸ਼ਾ ਬਰਾਮਦ ਹੋਈਆਂ ਸਨ।