ਆਪਣੇ ਲੋਕਾਂ ਨੂੰ ਹੜ੍ਹਾਂ ਦੇ ਪਾਣੀ ਤੋਂ ਸੁਰੱਖਿਅਤ ਕਰਨਾ ਸਾਡਾ ਫਰਜ – ਡੀ.ਐੱਸ.ਪੀ. ਸੁਖਪਾਲ ਸਿੰਘ ਰੰਧਾਵਾ
ਗੁਰਦਾਸਪੁਰ, 18 ਅਗਸਤ 2023 (ਦੀ ਪੰਜਾਬ ਵਾਇਰ )। ਹੜ੍ਹ ਪ੍ਰਭਾਵਤ ਖੇਤਰ ਵਿੱਚ ਹੋਰ ਰਾਹਤ ਟੀਮਾਂ ਦੇ ਨਾਲ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਵੀ ਮੋਹਰੀ ਹੋ ਕੇ ਬਚਾਅ ਕਾਰਜਾਂ ਵਿੱਚ ਆਪਣਾ ਹਿੱਸਾ ਪਾਇਆ ਜਾ ਰਿਹਾ ਹੈ। ਲੋਕਾਂ ਨੂੰ ਹੜ੍ਹਾਂ ਦੇ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਣ, ਰਾਹਤ ਸਮੱਗਰੀ ਵੰਡਣ ਦੇ ਨਾਲ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਧੁੱਸੀ ਬੰਨ ਦੇ ਪਾੜ ਨੂੰ ਪੂਰਨ ਵਿੱਚ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।
ਡੀ.ਐੱਸ.ਪੀ. ਸੁਖਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨ ਪਿੰਡ ਚੇਚੀਆਂ ਵਿਖੇ ਬੋਰਿਆਂ ਵਿੱਚ ਆਪਣੇ ਹੱਥੀਂ ਮਿੱਟੀ ਭਰਨ ਦੀ ਸੇਵਾ ਕਰ ਰਹੇ ਹਨ। ਇਹ ਮਿੱਟੀ ਦੇ ਬੋਰੇ ਏਥੋਂ ਫਿਰ ਟਰਾਲੀਆਂ ਜਰੀਏ ਬੰਨ ਦੇ ਪਾੜ ਨੂੰ ਪੂਰਨ ਲਈ ਭੇਜੇ ਜਾ ਰਹੇ ਹਨ। ਇਸਤੋਂ ਇਲਾਵਾ ਪਿੰਡ ਜਗਤਪੁਰ ਟਾਂਡਾ ਦੇ ਨੇੜੇ ਪਏ ਪਾੜ ਨੂੰ ਭਰਨ ਲਈ ਵੀ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ।
ਡੀ.ਐੱਸ.ਪੀ. ਸੁਖਪਾਲ ਸਿੰਘ ਰੰਧਾਵਾ ਖੁਦ ਮਿੱਟੀ ਦੇ ਬੋਰੇ ਭਰ ਰਹੇ ਹਨ ਅਤੇ ਬੰਨ ਦੇ ਪਾੜ ਨੂੰ ਪੂਰਨ ਦਾ ਕੰਮ ਕਰ ਰਹੇ ਹਨ। ਡੀ.ਐੱਸ.ਪੀ. ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦਾ ਮੋਟੋ ਹੀ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ
ਹੈ ਅਤੇ ਇਸ ਸੇਵਾ ਦੇ ਕਾਰਜ ਵਿੱਚ ਯੋਗਦਾਨ ਪਾਉਣਾ ਉਨ੍ਹਾਂ ਦਾ ਫਰਜ ਹੈ। ਉਨ੍ਹਾਂ ਕਿਹਾ ਕਿ ਜਿਨੀ ਜਲਦੀ ਅਸੀਂ ਇਸ ਪਾੜ ਨੂੰ ਭਰ ਲਵਾਂਗੇ ਓਨੀ ਜਲਦੀ ਹੀ ਅਸੀਂ ਆਪਣੇ ਲੋਕਾਂ ਨੂੰ ਹੜ੍ਹਾਂ ਦੇ ਪਾਣੀ ਤੋਂ ਬਚਾ ਸਕਾਂਗੇ। ਉਨ੍ਹਾਂ ਕਿਹਾ ਕਿ ਬਚਾਅ ਕਾਰਜਾਂ ਵਿੱਚ ਪੁਲਿਸ ਵਿਭਾਗ ਦਾ ਹਰ ਅਧਿਕਾਰੀ ਤੇ ਕਰਮਚਾਰੀ ਆਪਣਾ ਯੋਗਦਾਨ ਪਾ ਰਿਹਾ ਹੈ।
ਓਧਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਨੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਸਰਾਹਨਾ ਕੀਤੀ ਹੈ ਅਤੇ ਉਨ੍ਹਾਂ ਨੂੰ ਸ਼ਾਬਾਸ਼ੀ ਦਿੱਤੀ ਹੈ।