ਗੁਰਦਾਸਪੁਰ

ਹੜ੍ਹਾਂ ਦੌਰਾਨ ਪਸ਼ੂ ਧੰਨ ਨੂੰ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਕਰ ਰਹੀਆਂ ਹਨ ਦਿਨ-ਰਾਤ ਕੰਮ

ਹੜ੍ਹਾਂ ਦੌਰਾਨ ਪਸ਼ੂ ਧੰਨ ਨੂੰ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਕਰ ਰਹੀਆਂ ਹਨ ਦਿਨ-ਰਾਤ ਕੰਮ
  • PublishedAugust 18, 2023

ਪਸ਼ੂ ਪਾਲਣ ਵਿਭਾਗ ਦੇ ਡਾਕਟਰ ਹੜ੍ਹ ਪ੍ਰਭਾਵਤ ਖੇਤਰ ਵਿੱਚ ਪਹੁੰਚ ਕਰਕੇ ਪਸ਼ੂਆਂ ਦਾ ਕਰ ਰਹੇ ਹਨ ਇਲਾਜ

ਗੁਰਦਾਸਪੁਰ, 18 ਅਗਸਤ 2023 (ਦੀ ਪੰਜਾਬ ਵਾਇਰ ) । ਹੜ੍ਹਾਂ ਦੌਰਾਨ ਮਨੁੱਖੀ ਜਾਨਾਂ ਨੂੰ ਬਚਾਉਣ ਦੇ ਨਾਲ ਪਸ਼ੂ ਪਾਲਣ ਵਿਭਾਗ ਦੀਆਂ ਰਾਹਤ ਟੀਮਾਂ ਵੱਲੋਂ ਪਸ਼ੂ ਧੰਨ ਨੂੰ ਬਚਾਉਣ ਦੇ ਉਪਰਾਲੇ ਵੀ ਜੰਗੀ ਪੱਧਰ ਉੱਪਰ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ ਅਤੇ ਵੈਟਨਰੀ ਡਾਕਟਰਾਂ ਤੇ ਸਟਾਫ਼ ਦੀਆਂ ਟੀਮਾਂ ਵੱਲੋਂ ਹੜ੍ਹ ਪ੍ਰਭਾਵਤ ਖੇਤਰਾਂ ਵਿੱਚ ਪਹੁੰਚ ਕਰਕੇ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਪਸ਼ੂ ਪਾਲਣ ਵਿਭਾਗ ਵੱਲੋਂ ਜਿਥੇ ਪਸ਼ੂਆਂ ਨੂੰ ਹੜ੍ਹ ਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਓਥੇ ਪਸ਼ੂਆਂ ਲਈ ਹਰੇ ਤੇ ਸੁੱਕੇ ਚਾਰੇ ਅਤੇ ਫੀਡ ਆਦਿ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਪਸ਼ੂ ਪਾਲਣ ਵਿਭਾਗ ਦੇ ਮਹਿਰ ਡਾਕਟਰਾਂ ਵੱਲੋਂ ਪਸ਼ੂਆਂ ਦਾ ਵਿਸ਼ੇਸ਼ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਜਿਥੇ ਕਿਤੇ ਜਿਆਦਾ ਪਾਣੀ ਹੈ ਓਥੋਂ ਪਸ਼ੂਆਂ ਨੂੰ ਟਰਾਲੀਆਂ ਰਾਹੀਂ ਬਾਹਰ ਵੀ ਕੱਢਿਆ ਜਾ ਰਿਹਾ ਹੈ।

ਡਾ. ਸ਼ਾਮ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪੁਰਾਣਾ ਸ਼ਾਲਾ ਵਿਖੇ ਪਸ਼ੂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਜਿਥੇ ਵੈਟਨਰੀ ਵਿਭਾਗ ਦੀਆਂ ਟੀਮਾਂ ਦਿਨ-ਰਾਤ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਤ ਇਲਾਕੇ ਵਿਚੋਂ ਜਦੋਂ ਵੀ ਪਸ਼ੂਆਂ ਦੀ ਮਦਦ ਲਈ ਕਾਲ ਆਉਂਦੀ ਹੈ ਤਾਂ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਤੁਰੰਤ ਓਥੇ ਪਹੁੰਚ ਕਰਦੀਆਂ। ਉਨ੍ਹਾਂ ਕਿਹਾ ਕਿ ਇਸ ਔਖੀ ਘੜ੍ਹੀ ਵਿੱਚ ਪਸ਼ੂ ਪਾਲਣ ਵਿਭਾਗ ਪਸ਼ੂ ਧੰਨ ਦੀ ਸੁਰੱਖਿਆ ਲਈ ਵਚਨਬੱਧ ਹੈ।

Written By
The Punjab Wire