ਗੁਰਦਾਸਪੁਰ, 13 ਅਗਸਤ 2023 (ਦੀ ਪੰਜਾਬ ਵਾਇਰ)। ਮਣੀਪੁਰ ਅੰਦਰ ਔਰਤਾਂ ਅਤੇ ਧੀਆਂ ਨਾਲ ਹੋ ਰਹੇ ਜ਼ੁਲਮਾਂ ਦੇ ਵਿਰੋਧ ‘ਚ ਕਾਂਗਰਸ ਵਰਕਰਾਂ ਵੱਲੋਂ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੈਡਿੰਗ ਦੀ ਅਗਵਾਈ ‘ਚ ਸ਼ਹਿਰ ਗੁਰਦਾਸਪੁਰ ਅੰਦਰ ਕੈਂਡਲ ਮਾਰਚ ਕੱਢਿਆ ਗਿਆ। ਇਸ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਅਤੇ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕਾ ਅਰੁਣਾ ਚੌਧਰੀ ਅਤੇ ਗੁਰਦਾਸਪੁਰ ਦੇ ਵਿਧਾਇਕ ਅਤੇ ਜਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਬਲਜੀਤ ਸਿੰਘ ਪਾਹੜਾ ਸਮੇਤ ਵੱਡੀ ਗਿਣਤੀ ‘ਚ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ |ਇਹ ਕੈਂਡਲ ਮਾਰਚ ਸ਼ਾਮ 6 ਵਜੇ ਨਹਿਰੂ ਪਾਰਕ ਤੋਂ ਸ਼ੁਰੂ ਹੋ ਕੇ ਡਾਕਖਾਨਾ ਚੌਕ, ਲਾਇਬ੍ਰੇਰੀ ਚੌਕ, ਹਨੂੰਮਾਨ ਚੌਕ ਤੋਂ ਹੁੰਦਾ ਹੋਇਆ ਭਾਈ ਲਾਲੋ ਚੌਕ ਵਿਖੇ ਸਮਾਪਤ ਹੋਇਆ।
ਦੱਸ ਦਈਏ ਕਿ ਕਾਂਗਰਸ ਲਗਾਤਾਰ ਇਹ ਮੰਗ ਉਠਾ ਰਹੀ ਹੈ ਕਿ ਭਾਜਪਾ ਦੀ ਕੇਂਦਰ ਅਤੇ ਮਣੀਪੁਰ ਸਰਕਾਰਾਂ ਨੂੰ ਹਿੰਸਾ ਬੰਦ ਕਰਵਾਣੀ ਚਾਹੀਦੀ ਹੈ। ਇਸ ਦੇ ਲਈ ਕੇਂਦਰ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ, ਹਿੰਸਾ ਵਿੱਚ ਮਾਰੇ ਗਏ ਅਤੇ ਬੇਘਰ ਹੋਏ ਲੋਕਾਂ ਦਾ ਵੀ ਪੁਨਰਵਾਸ ਕੀਤਾ ਜਾਣਾ ਚਾਹੀਦਾ ਹੈ। ਕੈਂਡਲ ਮਾਰਚ ਵਿੱਚ ਕਾਂਗਰਸੀ ਵਰਕਰਾਂ ਦੇ ਨਾਲ-ਨਾਲ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।
ਲੋਕਾਂ ਨੂੰ ਸੰਬੋਧਨ ਕਰਦਿਆਂ ਵੈੜਿੰਗ ਨੇ ਕਿਹਾ ਕਿ ਮਣੀਪੁਰ ਹਿੰਸਾ ਦੀ ਅੱਗ ਵਿੱਚ ਸੜ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਦੇਸ਼-ਵਿਦੇਸ਼ ਵਿੱਚ ਚੋਣ ਦੌਰੇ ਕਰ ਰਹੇ ਹਨ। ਦੇਸ਼ ਕਾਗਜ਼ ਦਾ ਟੁਕੜਾ ਨਹੀਂ ਹੈ, ਦੇਸ਼ ਦਾ ਇਕ ਹਿੱਸਾ ਮਨੀਪੁਰ ਸੜ ਰਿਹਾ ਹੈ, ਤਾਂ ਅਸੀਂ ਸ਼ਾਂਤੀ ਨਾਲ ਕਿਵੇਂ ਸੌਂ ਸਕਦੇ ਹਾਂ। ਮਨੀਪੁਰ ਵਿੱਚ ਔਰਤਾਂ ਉੱਤੇ ਅੱਤਿਆਚਾਰ ਉਥੋਂ ਦੀ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਹੇ ਹਨ। ਜੇਕਰ ਅੱਜ ਅਸੀਂ ਇਸ ਵਿਰੁੱਧ ਨਾ ਖੜ੍ਹੇ ਹੋਏ ਤਾਂ ਦੇਸ਼ ਅੰਦਰ ਨਿਜ਼ਾਮ ਦੇ ਨਿਘਾਰ ਨਾਲੋਂ ਮਨੁੱਖਤਾ ਦੇ ਨਿਘਾਰ ਦਾ ਸੰਕਟ ਵੱਧ ਜਾਵੇਗਾ।
ਜਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਮਣੀਪੁਰ ‘ਤੇ ਪਿਛਲੇ ਤਿੰਨ ਮਹੀਨਿਆਂ ਤੋਂ ਪ੍ਰਧਾਨ ਮੰਤਰੀ ਦੀ ਚੁੱਪ ਨੇ ਇੱਥੇ ਹਿੰਸਾ ਨੂੰ ਸੰਜੀਦਗੀ ਨਾਲ ਸਹਿਮਤੀ ਦਿੱਤੀ ਹੈ। ਇਹ ਦੇਸ਼ ਲਈ ਸ਼ਰਮਨਾਕ ਹੈ। ਕਾਂਗਰਸੀ ਆਗੂਆਂ ਨੇ ਮਣੀਪੁਰ ਵਿੱਚ ਔਰਤਾਂ ਖ਼ਿਲਾਫ਼ ਹੋ ਰਹੀ ਹਿੰਸਾ ਬਾਰੇ ਮਨੀਪੁਰ ਦੇ ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਔਰਤਾਂ ’ਤੇ ਅੱਤਿਆਚਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ। ਮਨੀਪੁਰ ਵਿੱਚ ਬਦਮਾਸ਼ਾਂ ਦੇ ਇੱਕ ਗਿਰੋਹ ਨੇ ਕੁੜੀਆਂ ਨੂੰ ਸ਼ਰੇਆਮ ਤਸ਼ੱਦਦ ਕੀਤਾ। ਮਣੀਪੁਰ ਵਿੱਚ ਇਸ ਦਰਦਨਾਕ ਘਟਨਾ ਨੇ ਲੋਕਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਤਾਲਿਬਾਨ ਦੀ ਤਰਜ਼ ‘ਤੇ ਮਣੀਪੁਰ ਨੂੰ ਅੱਗੇ ਲਿਜਾਇਆ ਜਾ ਰਿਹਾ ਹੈ। ਇਸ ਦੇਸ਼ ਦੀਆਂ ਧੀਆਂ ਦੀ ਇਹ ਹਾਲਤ ਹੁਣ ਵੇਖਿਆ ਨਹੀਂ ਜਾ ਰਿਹਾ। ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਤੋਂ ਮਣੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਹੈ।